ਪੰਜਾਬ ਨੂੰ ਪੂਰਾ ਹਫ਼ਤਾ ਨਹੀਂ ਮਿਲੇਗੀ ਗਰਮੀ ਤੋਂ ਰਾਹਤ
* ਅਗਲੇ ਤਿੰਨ-ਚਾਰ ਦਿਨਾਂ ਵਿੱਚ ਤਾਪਮਾਨ 45 ਤੋਂ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ
* ਮੌਸਮ ਵਿਭਾਗ ਵੱਲੋਂ ਅੱਜ ਵਾਸਤੇ ਯੈਲੋ ਅਤੇ ਅਗਲੇ ਤਿੰਨ ਦਿਨ ਲਈ ਔਰੇਂਜ ਅਲਰਟ ਜਾਰੀ
ਆਤਿਸ਼ ਗੁਪਤਾ
ਚੰਡੀਗੜ੍ਹ, 10 ਜੂਨ
ਪੰਜਾਬ ਵਿੱਚ ਜੇਠ ਮਹੀਨੇ ਦੇ ਆਖਰੀ ਦਿਨਾਂ ਵਿੱਚ ਇਕ ਵਾਰ ਫੇਰ ਤੋਂ ਗਰਮੀ ਨੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਵਿੱਚ ਦੋ ਦਿਨਾਂ ਤੋਂ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ, ਜਿਸ ਕਰ ਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੂਰਾ ਹਫ਼ਤਾ ਇਸੇ ਤਰ੍ਹਾਂ ਗਰਮੀ ਦਾ ਕਹਿਰ ਜਾਰੀ ਰਹੇਗਾ, ਜਿਸ ਕਰ ਕੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਵਧ ਰਹੀ ਗਰਮੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਵੀ ਪੰਜਾਬ ਵਿੱਚ 11 ਜੂਨ ਲਈ ਯੈਲੋ ਅਤੇ 12, 13 ਤੇ 14 ਜੂਨ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤਾਪਮਾਨ ਵਧਣ ਦੇ ਨਾਲ-ਨਾਲ ਲੂ ਵੀ ਚੱਲੇਗੀ। ਅੱਜ ਪੰਜਾਬ ਦਾ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਤੱਕ ਵੱਧ ਰਿਹਾ। ਅੱਜ ਸੂਬੇ ਵਿੱਚ ਪਠਾਨਕੋਟ ਸ਼ਹਿਰ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਰਿਹਾ। ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਗਰਮੀ ਵਧਣ ਕਰ ਕੇ ਸੂਬੇ ਦੀਆਂ ਸੜਕਾਂ ’ਤੇ ਲੋਕਾਂ ਦੀ ਭੀੜ ਘੱਟ ਦੇਖੀ ਗਈ। ਉੱਧਰ, ਕਈ ਥਾਵਾਂ ’ਤੇ ਲੋਕ ਗਰਮੀ ਕਾਰਨ ਗਸ਼ ਖਾ ਕੇ ਡਿੱਗ ਰਹੇ ਹਨ। ਸੂਬੇ ਵਿੱਚ ਵਧ ਰਹੀ ਗਰਮੀ ਕਰ ਕੇ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਜੋ ਕਿ ਸ਼ਾਮ ਹੁੰਦਿਆਂ ਕਰੀਬ 9400 ਮੈਗਾਵਾਟ ਦਰਜ ਕੀਤੀ ਗਈ।
ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ, ਅੰਮ੍ਰਿਤਸਰ ਵਿੱਚ 43.2 ਡਿਗਰੀ, ਲੁਧਿਆਣਾ ਵਿੱਚ 42.9, ਪਟਿਆਲਾ ਵਿੱਚ 43.7, ਬਠਿੰਡਾ ਹਵਾਈ ਅੱਡੇ ’ਤੇ 43.4, ਫਰੀਦਕੋਟ ਵਿੱਚ 41.5, ਗੁਰਦਾਸਪੁਰ ਵਿੱਚ 43.5, ਨਵਾਂ ਸ਼ਹਿਰ ਵਿੱਚ 41.8, ਬਰਨਾਲਾ ਵਿੱਚ 42.5, ਫਤਹਿਗੜ੍ਹ ਸਾਹਿਬ ਵਿੱਚ 42.4, ਫਿਰੋਜ਼ਪੁਰ ਵਿੱਚ 42.7, ਜਲੰਧਰ ਵਿੱਚ 41.9, ਮੋਗਾ ਵਿੱਚ 41.8, ਰੂਪਨਗਰ ਵਿੱਚ 41.4, ਐੱਸਏਐੱਸ ਨਗਰ (ਮੁਹਾਲੀ) ਵਿੱਚ 42.2 ਅਤੇ ਰੂਪਨਗਰ ਵਿੱਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੋਕਾਂ ਨੂੰ ਹਲਕੇ ਰੰਗ ਦੇ ਕੱਪੜੇ ਪਹਿਨਣ ਦਾ ਮਸ਼ਵਰਾ
ਚੰਡੀਗੜ੍ਹ ਵਿੱਚ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਅਤਿ ਦੀ ਪੈ ਰਹੀ ਇਸ ਗਰਮੀ ਵਿੱਚ ਲੋਕਾਂ ਨੂੰ ਹਲਕੇ ਰੰਗ ਦੇ ਕੱਪੜੇ ਪਹਿਨਣ ਦਾ ਮਸ਼ਵਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਰਮੀ ਵਿੱਚ ਘਰ ਤੋਂ ਬਾਹਰ ਨਿਕਲਣ ਸਮੇਂ ਆਪਣੇ ਸਿਰ ਨੂੰ ਢੱਕਿਆ ਜਾਵੇ। ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣ ਤੋਂ ਇਲਾਵਾ ਹਰੇਕ ਕੋਈ ਏਸੀ ਵਿੱਚੋਂ ਨਿਕਲ ਕੇ ਸਿੱਧਾ ਧੁੱਪ ਵਿੱਚ ਜਾਣ ਦੀ ਥਾਂ ਕੁਝ ਸਮਾਂ ਛਾਂ ਵਿੱਚ ਖੜ੍ਹੇ ਹੋ ਕੇ ਧੁੱਪ ਵਿੱਚ ਨਿਕਲੇ। ਮੌਸਮ ਵਿਗਿਆਨੀਆਂ ਨੇ ਕਿਸਾਨਾਂ ਨੂੰ ਵੀ ਦਿਨ ਦੀ ਥਾਂ ਸਵੇਰੇ-ਸ਼ਾਮ ਖੇਤਾਂ ਵਿੱਚ ਕੰਮ ਕਰਨ ਦਾ ਮਸ਼ਵਰਾ ਦਿੱਤਾ ਹੈ।