ਪੰਜਾਬ ਯੂਨੀਵਰਸਿਟੀ ਦਾ ਪ੍ਰਸਤਾਵ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਪਣੇ ਸਾਲਾਨਾ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਸੱਦਾ ਦੇਣ ਦੇ ਪ੍ਰਸਤਾਵ ਉੱਪਰ ਗ਼ੌਰ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੀ ਅਜਿਹੀ ਮਨਸ਼ਾ ਦਾ ਸਵਾਗਤ ਕਰਨਾ ਬਣਦਾ ਹੈ ਪਰ ਫਿਲਹਾਲ ਇਹ ਪ੍ਰਸਤਾਵ ਹੀ ਹੈ ਜਿਸ ਉੱਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਫ਼ੈਸਲਾ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਬੰਧ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡੀਨ ਵਿਦਿਆਰਥੀ ਦੀ ਅਗਵਾਈ ਹੇਠ ਅੱਠ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ ਜਿਸ ਦੀ ਅਗਲੀ ਮੀਟਿੰਗ ਵਿੱਚ ਇਸ ਮੁੱਦੇ ਬਾਰੇ ਸੋਚ ਵਿਚਾਰ ਕੀਤੀ ਜਾਵੇਗੀ। ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਨੁਮਾਇੰਦਗੀ ਦੇ ਰੂਪ ਅਤੇ ਢੰਗ-ਤਰੀਕੇ ਬਾਰੇ ਠੋਸ ਤਜਵੀਜ਼ ਤਿਆਰ ਕੀਤੀ ਜਾਵੇਗੀ। ਜੇ ਅਜਿਹੀ ਕੋਈ ਤਜਵੀਜ਼ ਨੂੰ ਫ਼ਲ ਪੈਂਦਾ ਹੈ ਤਾਂ ਸਰਹੱਦ ਦੇ ਦੋਵੇਂ ਪਾਸੀਂ ਵਸਦੇ ਪੰਜਾਬੀਆਂ ਨੂੰ ਇਸ ਦੀ ਵੱਡੀ ਖੁਸ਼ੀ ਹੋਵੇਗੀ। ਪਿਛਲੇ ਕਈ ਸਾਲਾਂ ਤੋਂ ਦੋਵੇਂ ਪੰਜਾਬਾਂ ਵਿਚਕਾਰ ਆਪਸੀ ਮੇਲ-ਜੋਲ ਅਤੇ ਗੱਲਬਾਤ ਲਗਭਗ ਠੱਪ ਪਈ ਹੈ ਜਿਸ ਨਾਲ ਇਸ ਖ਼ਿੱਤੇ ਨੂੰ ਵੱਡੀ ਢਾਹ ਲੱਗੀ ਹੈ।
ਦੋਵੇਂ ਯੂਨੀਵਰਸਿਟੀਆਂ ਵਿਚਕਾਰ ਮੇਲ-ਜੋਲ ਅਤੇ ਗੱਲਬਾਤ ਦਾ ਰਾਹ ਖੋਲ੍ਹਣ ਦੀਆਂ ਕੋਸ਼ਿਸ਼ਾਂ ਪਿਛਲੇ ਸਾਲਾਂ ਵਿੱਚ ਵੀ ਹੁੰਦੀਆਂ ਰਹੀਆਂ ਹਨ ਪਰ ਮੰਦੇਭਾਗੀਂ ਇਹ ਅਧਵਾਟੇ ਹੀ ਦਮ ਤੋੜ ਗਈਆਂ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਕ ਸਾਬਕਾ ਉਪ ਕੁਲਪਤੀ ਦਾ ਕਹਿਣਾ ਹੈ ਕਿ ਉਨ੍ਹਾਂ 2013 ਵਿੱਚ ਅਣਵੰਡੇ ਪੰਜਾਬ ਵਿੱਚ ਉਚੇਰੀ ਸਿੱਖਿਆ ਦੇ 150 ਸਾਲਾ ਸਮਾਗਮ ਲਈ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਉਪ ਕੁਲਪਤੀਆਂ ਨੂੰ ਸੱਦਿਆ ਸੀ ਪਰ ਉਨ੍ਹਾਂ ਨੂੰ ਵੀਜ਼ੇ ਜਾਰੀ ਨਹੀਂ ਕੀਤੇ ਗਏ ਸਨ। ਉਨ੍ਹਾਂ ਇਹ ਮਾਮਲਾ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਉਠਾਇਆ ਸੀ ਪਰ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਸੀ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਦੋਵੇਂ ਪੰਜਾਬਾਂ ਵਿਚਕਾਰ ਮੇਲ-ਜੋਲ ਅਤੇ ਸਾਂਝ ਵਧਾਉਣ ਦੀ ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ ਜਾਂ ਕੋਈ ਪਹਿਲ ਕੀਤੀ ਜਾਂਦੀ ਹੈ ਤਾਂ ਫ਼ੈਸਲਾ ਕਰਨ ਦੀ ਤਾਕਤ ਰੱਖਣ ਵਾਲੇ ਲੋਕਾਂ ਵੱਲੋਂ ਜਾਂ ਤਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਾਂ ਇਸ ਦੀ ਆਗਿਆ ਹੀ ਨਹੀਂ ਦਿੱਤੀ ਜਾਂਦੀ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਆਪਸੀ ਰਿਸ਼ਤਿਆਂ ਵਿੱਚ ਤਲਖ਼ੀ ਦਾ ਕਾਰਨ ਬਣਨ ਵਾਲੇ ਕਈ ਮੁੱਦੇ ਹਨ ਪਰ ਇਨ੍ਹਾਂ ਦੇ ਹੁੰਦਿਆਂ-ਸੁੰਦਿਆਂ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਸਾਂਝ ਦੇ ਪੁਲ ਕਾਇਮ ਹਨ। ਲੋੜ ਹੈ ਕਿ ਇਨ੍ਹਾਂ ਪੁਲਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ ਤਾਂ ਕਿ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿੱਚ ਨਿੱਘ ਲਿਆਉਣ ਵਿੱਚ ਮਦਦ ਮਿਲ ਸਕੇ। ਦੋਹਾਂ ਮੁਲਕਾਂ ਵਿਚਕਾਰ ਰਿਸ਼ਤੇ ਜੇਕਰ ਸੁਖਾਵੇਂ ਬਣਦੇ ਹਨ ਤਾਂ ਇਸ ਦਾ ਸਭ ਤੋਂ ਵੱਧ ਲਾਭ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਹੋਵੇਗਾ; ਸਮਾਜਿਕ ਪੱਖ ਤੋਂ ਵੀ ਅਤੇ ਵਪਾਰਕ ਪੱਖ ਤੋਂ ਵੀ।