ਪੰਜਾਬ ਯੂਨੀਵਰਸਿਟੀ ਓਵਰਆਲ ਚੈਂਪੀਅਨ ਬਣੀ
ਕੁਲਦੀਪ ਸਿੰਘ
ਚੰਡੀਗੜ੍ਹ, 2 ਦਸੰਬਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਹੋਏ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਓਵਰਆਲ ਚੈਂਪੀਅਨ ਟਰਾਫ਼ੀ (ਪਹਿਲਾ ਸਥਾਨ) ਜਿੱਤਿਆ ਹੈ। ਇਹ ਫੈਸਟੀਵਲ ਪੰਜਾਬ ਸਰਕਾਰ ਦੇ ਯੁਵਕ ਮਾਮਲਿਆਂ ਦੇ ਡਾਇਰੈਕਟੋਰੇਟ ਵੱਲੋਂ 29 ਨਵੰਬਰ ਤੋਂ 2 ਦਸੰਬਰ 2024 ਤੱਕ ਕਰਵਾਇਆ ਗਿਆ ਸੀ। ਫ਼ੈਸਟੀਵਲ ਵਿੱਚ ਸਾਹਿਤਕ, ਵਿਰਾਸਤੀ, ਸੰਗੀਤ, ਲਲਿਤ ਕਲਾ ਅਤੇ ਡਾਂਸ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ 45 ਗਤੀਵਿਧੀਆਂ ਕਰਵਾਈਆਂ ਗਈਆਂ।
ਅੰਤਰ-ਯੂਨੀਵਰਸਿਟੀ ਫੈਸਟੀਵਲ ਵਿੱਚ ਖੇਤਰ ਦੀਆਂ ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀਆਂ 17 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਸੀ। ਐੱਲਪੀਯੂ ਫਗਵਾੜਾ ਅਤੇ ਜੀਐੱਨਡੀਯੂ ਅੰਮ੍ਰਿਤਸਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਓਵਰਆਲ ਟਰਾਫ਼ੀ ਪੀਯੂ ਦੇ ਡਾਇਰੈਕਟਰ ਯੁਵਕ ਭਲਾਈ ਡਾ. ਰੋਹਿਤ ਕੁਮਾਰ ਸ਼ਰਮਾ ਨੇ ਪ੍ਰਾਪਤ ਕੀਤੀ।
ਪੰਜਾਬ ਯੂਨੀਵਰਸਿਟੀ ਦੀਆਂ ਟੀਮਾਂ ਵਿੱਚ ਵੱਖ-ਵੱਖ ਪੀ.ਯੂ. ਮਾਨਤਾ ਪ੍ਰਾਪਤ ਕਾਲਜਾਂ ਅਤੇ ਵਿਭਾਗਾਂ ਦੇ 150 ਤੋਂ ਵੱਧ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਹੇਠ ਕਰਵਾਏ ਗਏ ਪੀਯੂ ਜ਼ੋਨਲ ਅਤੇ ਇੰਟਰ ਜ਼ੋਨਲ ਫੈਸਟੀਵਲਾਂ ਵਿੱਚ ਜਿੱਤ ਪ੍ਰਾਪਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਨੇ ਦੋ ਸਾਲ ਪਹਿਲਾਂ ਜੀਐੱਨਡੀਯੂ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਏ ਅੰਤਰ-ਯੂਨੀਵਰਸਿਟੀ ਈਵੈਂਟ ਵਿੱਚ ਵੀ ਇਸੇ ਤਰ੍ਹਾਂ ਜਿੱਤ ਦਰਜ ਕਰਕੇ ਤੀਜੇ ਸਾਲ ਓਵਰਆਲ ਟਰਾਫ਼ੀ ਨੂੰ ਬਰਕਰਾਰ ਰੱਖਿਆ ਹੈ।
ਖਾਲਸਾ ਕਾਲਜ ਦੀ ਆਰਕੈਸਟਰਾ ਟੀਮ ਅੱਵਲ
ਸ੍ਰੀ ਆਨੰਦਪੁਰ ਸਾਹਿਬ (ਚਾਨਾ):
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕਰਵਾਏ ਗਏ ਪੰਜਾਬ ਸਟੇਟ ਇੰਟਰਵਸਟੀ ਮੁਕਾਬਲਿਆਂ ’ਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਆਰਕੈਸਟਰਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਮੁੱਚੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਇਹਨਾਂ ਮੁਕਾਬਲਿਆਂ ’ਚ ਸੂਬੇ ਦੀਆਂ ਕੁੱਲ 17 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਅਤੇ ਖਾਲਸਾ ਕਾਲਜ ਦੀ ਫ਼ੋਕ ਆਰਕੈਸਟਰਾ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕੀਤੀ। ਇਸ ਪ੍ਰਾਪਤੀ ਤੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਵਿਦਿਆ ਸੁਖਮਿੰਦਰ ਸਿੰਘ ਨੇ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਕਾਲਜ ਦੇ ਡੀਨ ਕਲਚਰਲ ਪ੍ਰੋ. ਜੇਪੀ ਸਿੰਘ ਨੇ ਦੱਸਿਆ ਕਿ ਹੁਣ ਇਹ ਟੀਮ ਗੁਜਰਾਤ ਦੇ ਵਡੋਦਰਾ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗੀ।