ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਾਹਨੀ ਨਾਲ ਮੁਲਾਕਾਤ
ਕੁਲਦੀਪ ਸਿੰਘ
ਚੰਡੀਗੜ੍ਹ, 17 ਨਵੰਬਰ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅੱਜ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਮੁਲਾਕਾਤ ਕੀਤੀ ਗਈ। ਮੋਰਚੇ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਉੱਤੇ ਪੰਜਾਬ ਦੇ ਦਾਅਵੇ ਨੂੰ ਸਿੱਧ ਕਰਦੇ ਦਸਤਾਵੇਜ਼ ਅਤੇ ਪੂਰੇ ਮਸਲੇ ਦਾ ਮੰਗ ਪੱਤਰ ਵੀ ਸੌਂਪਿਆ ਗਿਆ। ਸੈਨੇਟਰ ਪ੍ਰੋ. ਇੰਦਰਪਾਲ ਸਿੰਘ ਸਿੱਧੂ, ਸੰਦੀਪ ਸੀਕਰੀ ਅਤੇ ਵਿਦਿਆਰਥੀ ਆਗੂ ਰਿਮਲਜੋਤ ਸਿੰਘ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰੀ ਢਾਂਚਾ ਖ਼ਤਮ ਕਰ ਕੇ ਇੱਥੇ ਬੋਰਡ ਆਫ਼ ਗਵਰਨੈਂਸ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਚਹੇਤਿਆਂ ਨੂੰ ਨਾਮਜ਼ਦ ਕਰ ਕੇ ਮਨਮਰਜ਼ੀ ਦੇ ਤਾਨਾਸ਼ਾਹੀ ਫ਼ੈਸਲੇ ਥੋਪੇ ਜਾ ਸਕਣ। ਉਨ੍ਹਾਂ ਦੱਸਿਆ ਕਿ ਜੇ ਇੱਥੇ ਲੋਕਤੰਤਰੀ ਢਾਂਚਾ ਖ਼ਤਮ ਹੋ ਜਾਂਦਾ ਹੈ ਤਾਂ ਗ਼ਰੀਬ ਪਰਿਵਾਰਾਂ ਦੇ ਬੱਚੇ ਉੱਚ ਸਿੱਖਿਆ ਤੋਂ ਦੂਰ ਹੋ ਜਾਣਗੇ।
ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸ੍ਰੀ ਸਾਹਨੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾਲ ਪੰਜਾਬ ਦਾ ਇਖਲਾਕੀ ਤੌਰ ’ਤੇ ਸਬੰਧ ਹੈ ਅਤੇ ਇਸ ਦੇ ਕੇਂਦਰੀਕਰਨ ਨੂੰ ਰੋਕਣ ਲਈ ਬਣਦੀ ਕਾਰਵਾਈ ਕਰਨਗੇ।
ਰਿਮਲਜੋਤ ਨੇ ਦੱਸਿਆ ਕਿ 13 ਨਵੰਬਰ ਨੂੰ ਕੀਤੇ ਪੈਦਲ ਰੋਸ ਮਾਰਚ ਦੌਰਾਨ ਡੀਐੱਸਡਬਲਿਊ ਅਮਿਤ ਚੌਹਾਨ ਵੱਲੋਂ ਪੰਜ ਮੈਂਬਰੀ ਕਮੇਟੀ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਉਨ੍ਹਾਂ ਨਾਲ ਮੀਟਿੰਗ ਕਰਵਾਉਣ ਦੀ ਥਾਂ ਸਾਬਕਾ ਡੀਐੱਸਡਬਲਿਊ ਅਤੇ ਕੁਝ ਹੋਰ ਅਧਿਕਾਰੀਆਂ ਨਾਲ ਕਰਵਾ ਦਿੱਤੀ ਗਈ। ਉਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਮੰਗ ’ਤੇ ਗੱਲ ਕਰਨ ਦੀ ਥਾਂ ਉਨ੍ਹਾਂ ਨੂੰ ਨਵੇਂ ਰਿਫਾਰਮਜ਼ ਦੇ ਲਾਭ ਦੱਸਣੇ ਸ਼ੁਰੂ ਕਰ ਦਿੱਤੇ ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਮੰਗ ਕੀਤੀ ਕਿ ’ਵਰਸਿਟੀ ਦੀ ਸੈਨੇਟ ਦੀ ਪੁਰਾਣੇ ਸਿਸਟਮ ਨਾਲ ਹੀ ਚੋਣ ਕਰਵਾਈ ਜਾਵੇ ਅਤੇ ਗਰੈਜੂਏਟ ਕਾਂਸਟੀਚੁਐਂਸੀ ਬਿਲਕੁਲ ਖ਼ਤਮ ਨਹੀਂ ਕਰਨ ਦਿੱਤੀ ਜਾਵੇਗੀ।
ਦਿਨ-ਰਾਤ ਦਾ ਧਰਨਾ 28ਵੇਂ ਦਿਨ ਵਿੱਚ ਦਾਖ਼ਲ
ਵਿਦਿਆਰਥੀ ਆਗੂ ਰਿਮਲਜੋਤ ਨੇ ਦੱਸਿਆ ਕਿ ਵੀਸੀ ਦਫ਼ਤਰ ਦੇ ਬਾਹਰ ਸ਼ੁਰੂ ਕੀਤਾ ਗਿਆ ਦਿਨ-ਰਾਤ ਦਾ ਧਰਨਾ 28ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਪੰਜਾਬ ਦੀ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਬਚਾਉਣ ਲਈ ਵਿਦਿਆਰਥੀ ਠੰਢ ਦੇ ਮੌਸਮ ਵਿੱਚ ਰਾਤਾਂ ਨੂੰ ਸੜਕ ਉੱਤੇ ਹੀ ਸੌਣ ਲਈ ਮਜਬੂਰ ਹਨ, ਪਰ ਅਥਾਰਿਟੀ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਜਾ ਰਿਹਾ।