ਪੰਜਾਬ ਯੂਨੀਵਰਸਿਟੀ ਵੱਲੋਂ ਸੀਸੀਏ ਨੂੰ ਪੀਐੱਚਡੀ ਕਰਵਾਉਣ ਦੀ ਮਨਜ਼ੂਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਫਰਵਰੀ
ਪੰਜਾਬ ਯੂਨੀਵਰਸਿਟੀ ਨੇ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ (ਸੀਸੀਏ) ਸੈਕਟਰ-12 ਨੂੰ ਆਰਕੀਟੈਕਟ ਅਤੇ ਬਿਲਟ ਐਨਵਾਇਰਨਮੈਂਟ ਵਿੱਚ ਪੀਐਚਡੀ ਕਰਵਾਉਣ ਲਈ ਖੋਜ ਕੇਂਦਰ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਫੈਸਲੇ ਕਾਰਨ ਕਾਲਜ ਦੀ ਪ੍ਰਿੰਸੀਪਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਖੋਜ ਦੇ ਵਧੇਰੇ ਮੌਕੇ ਮਿਲਣਗੇ। ਕਾਊਂਸਿਲ ਆਫ਼ ਆਰਕੀਟੈਕਚਰ (ਰੈਗੂਲੇਟਰੀ ਬਾਡੀ) ਅਨੁਸਾਰ ਕਿਸੇ ਸੰਸਥਾ ਨੂੰ ਘੱਟੋ-ਘੱਟ ਪੰਜ ਸਾਲਾਂ ਲਈ ਆਰਕੀਟੈਕਚਰ, ਅਲਾਈਡ ਸਪੈਸ਼ਲਾਈਜ਼ੇਸ਼ਨ ਵਿੱਚ ਮਾਸਟਰ ਡਿਗਰੀ ਪ੍ਰੋਗਰਾਮ ਚਲਾਉਣ ਤੋਂ ਬਾਅਦ ਹੀ ਆਰਕੀਟੈਕਚਰ ਵਿੱਚ ਪੀਐਚਡੀ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਬੱਗਾ ਨੇ ਕਿਹਾ ਕਿ ਇਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਸ ਫੈਸਲੇ ਨਾਲ ਉਨ੍ਹਾਂ ਦਾ ਕਾਲਜ ਦੇਸ਼ ਦੇ ਸਿਖਰਲੀ ਰੈਂਕਿੰਗ ਸੰਸਥਾ ਵਜੋਂ ਉਭਰੇਗਾ ਅਤੇ ਖੋਜਕਰਤਾਵਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਏਗਾ। ਉਨ੍ਹਾਂ ਦੱਸਿਆ ਕਿ ਪੀਐਚਡੀ ਕਰਵਾਉਣ ਵਾਲੀ ਸੰਸਥਾ ਦੇ ਸਟਾਫ਼ ਵਿੱਚ ਘੱਟੋ-ਘੱਟ ਪੰਜ ਨਿਯਮਤ ਪ੍ਰੋਫੈਸਰ ਹੋਣੇ ਚਾਹੀਦੇ ਹਨ, ਜਿਨ੍ਹਾਂ ਕੋਲ ਮਾਸਟਰ ਡਿਗਰੀ ਹੋਵੇ ਅਤੇ ਉਹ ਆਰਕੀਟੈਕਚਰ, ਅਲਾਈਡ ਸਪੈਸ਼ਲਾਈਜ਼ੇਸ਼ਨ ਵਿੱਚ ਪੀਐਚਡੀ ਹੋਣ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਨੇ ਆਪਣਾ ਮਾਸਟਰਜ਼ ਪ੍ਰੋਗਰਾਮ ਸਾਲ 2018 ਵਿੱਚ ਸ਼ੁਰੂ ਕੀਤਾ ਸੀ। ਕਾਊਂਸਿਲ ਆਫ ਆਰਕੀਟੈਕਚਰ ਦੇ ਨਿਯਮਾਂ ਅਨੁਸਾਰ ਲਾਇਬ੍ਰੇਰੀ ਕੋਲ ਕੌਂਸਲ ਵਲੋਂ ਨਿਰਧਾਰਤ ਘੱਟੋ-ਘੱਟ ਲੋੜੀਂਦੀਆਂ ਕਿਤਾਬਾਂ ਅਤੇ ਰਸਾਲੇ ਵੀ ਹੋਣੇ ਚਾਹੀਦੇ ਹਨ ਅਤੇ ਲਾਇਬ੍ਰੇਰੀ ਦਾ ਬਜਟ 25 ਫੀਸਦੀ ਖੋਜ ਆਧਾਰਿਤ ਕਿਤਾਬਾਂ ਅਤੇ ਰਸਾਲਿਆਂ ਲਈ ਰਾਖਵਾਂ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਹ ਕਾਊਂਸਲ ਦੇ ਸਾਰੇ ਨਿਯਮਾਂ ਨੂੰ ਪੂਰਾ ਕਰਦੇ ਹਨ। ਕਾਲਜ ਕੋਲ ਖੋਜ ਨੂੰ ਸਮਰਪਿਤ ਪੂਰਾ ਬਲਾਕ ਹੈ।
ਜੀਐੱਨਡੀ ਤੋਂ ਬਾਅਦ ਆਰਕੀਟੈਕਚਰ ’ਚ ਪੀਐੱਚਡੀ ਕਰਵਾਉਣ ਵਾਲੀ ਦੂਜੀ ਸੰਸਥਾ ਬਣੀ
ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਸੈਕਟਰ 12, ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਤੋਂ ਬਾਅਦ ਹੁਣ ਆਰਕੀਟੈਕਚਰ ਵਿੱਚ ਪੀਐਚਡੀ ਪ੍ਰੋਗਰਾਮ ਕਰਵਾਉਣ ਵਾਲੀ ਦੂਜੀ ਸਰਕਾਰੀ ਸੰਸਥਾ ਹੈ। ਹਾਲਾਂਕਿ ਕਈ ਪ੍ਰਾਈਵੇਟ ਯੂਨੀਵਰਸਿਟੀ ਇਹ ਕੋਰਸ ਕਰਵਾਉਂਦੀਆਂ ਹਨ ਪਰ ਚੰਡੀਗੜ੍ਹ ਦਾ ਇਹ ਸਰਕਾਰੀ ਕਾਲਜ ਵਿਦਿਆਰਥੀਆਂ ਨੂੰ ਕਿਫਾਇਤੀ ਦਰ ਨਾਲ ਖੋਜ ਕਾਰਜਾਂ ਲਈ ਥਾਂ ਮੁਹੱਈਆ ਕਰਵਾਏਗਾ। ਕਾਊਂਂਸਿਲ ਦੇ ਨਿਯਮਾਂ ਅਨੁਸਾਰ ਉਹ ਹੀ ਵਿਦਿਆਰਥੀ ਪੀਐਚਡੀ ਕਰ ਸਕਦਾ ਹੈ ਜਿਸ ਕੋਲ ਆਰਕੀਟੈਕਚਰ ਵਿੱਚ ਬੈਚਲਰ ਡਿਗਰੀ ਜਾਂ ਇਸ ਦੇ ਬਰਾਬਰ ਅਤੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਆਰਕੀਟੈਕਚਰ, ਅਲਾਈਡ ਸਪੈਸ਼ਲਾਈਜ਼ੇਸ਼ਨ ਵਿੱਚ ਮਾਸਟਰ ਡਿਗਰੀ ਜਾਂ ਅਧਿਆਪਨ, ਖੋਜ ਵਿੱਚ ਦਸ ਸਾਲਾਂ ਦਾ ਤਜਰਬਾ ਹੋਵੇ ਤੇ ਵਿਦਿਆਰਥੀ ਨੇ ਪਹਿਲੇ ਦਰਜੇ ਵਿਚ ਜਮਾਤ ਪਾਸ ਕੀਤੀ ਹੋਵੇ।