ਪੰਜਾਬ, ਨੌਜਵਾਨਾਂ ਤੇ ਲੋੜਵੰਦਾਂ ਦਾ ਸੁਨਹਿਰਾ ਭਵਿੱਖ ਭਾਜਪਾ: ਨਕੱਈ
ਪੱਤਰ ਪ੍ਰੇਰਕ
ਮਾਨਸਾ, 8 ਅਪਰੈਲ
ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿੱਚ ਲਗਪਗ 70 ਪਰਿਵਾਰ ਮਾਨਸਾ ਨੇੜਲੇ ਪਿੰਡ ਅਤਲਾ ਖੁਰਦ ਵਿੱਚ ਪ੍ਰੋਗਰਾਮ ਦੌਰਾਨ ਭਾਜਪਾ ਵਿੱਚ ਸ਼ਾਮਲ ਹੋ ਗਏ। ਜਗਦੀਪ ਨਕੱਈ ਅਤੇ ਗੁਰਤੇਜ਼ ਸਿੰਘ ਸਮਾਓਂ ਨੇ ਇਨ੍ਹਾਂ ਦਾ ਭਾਜਪਾ ਵਿੱਚ ਆਉਣ ’ਤੇ ਸਵਾਗਤ ਕੀਤਾ ਹੈ।
ਭਾਜਪਾ ਨੇਤਾ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਭਾਜਪਾ ਪੰਜਾਬ, ਨੌਜਵਾਨਾਂ ਤੇ ਲੋੜਵੰਦ ਪਰਿਵਾਰ ਦਾ ਸੁਨਹਿਰਾ ਭਵਿੱਖ ਹੈ। ਇਸ ਨੇ ਕੇਂਦਰ ਵਿੱਚ 10 ਵਰ੍ਹੇਂ ਸਰਕਾਰ ਚਲਾ ਕੇ ਲੋਕ-ਪੱਖੀ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਰੀਬਾਂ ਲਈ ਚਲਾਈਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡ ਵਾਸੀ ਸਹਿਯੋਗ ਦੇਣ ਤਾਂ ਜੋ ਇਨ੍ਹਾਂ ਸਕੀਮਾਂ ਨੂੰ ਹਰ ਵਿਅਕਤੀ ਤੱਕ ਪਹੁੰਚਾਕੇ ਇਸ ਦਾ ਫ਼ਾਇਦਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਭਾਜਪਾ ਨਾਲ ਜੁੜ ਰਹੇ ਹਨ ਅਤੇ ਇਹ ਕਾਫ਼ਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਇਸ ਮੌਕੇ ਹਲਕਾ ਇੰਚਾਰਜ ਮਨਦੀਪ ਸਿੰਘ ਮਾਨ ਵੀ ਹਾਜ਼ਰ ਸਨ।