ਜਲੰਧਰ ਵਿੱਚ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ
ਪੱਤਰ ਪ੍ਰੇਰਕ
ਜਲੰਧਰ, 25 ਅਪਰੈਲ
ਬਠਿੰਡਾ ਨੇ ਹੁਸ਼ਿਆਰਪੁਰ ਨੂੰ 6-0 ਨਾਲ ਅਤੇ ਤਰਨ ਤਾਰਨ ਨੇ ਪਠਾਨਕੋਟ ਨੂੰ 3-1 ਦੇ ਫ਼ਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ 2024 ਦੇ ਜੂਨੀਅਰ ਲੜਕਿਆਂ ਦੇ ਵਰਗ ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਸ਼ੁਰੂ ਹੋਈ ਚੈਂਪੀਅਨਸ਼ਿਪ ਦਾ ਉਦਘਾਟਨ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਕੀਤਾ।
ਇਸ ਮੌਕੇ ਹਾਕੀ ਕਪੂਰਥਲਾ ਦੇ ਜਨਰਲ ਸਕੱਤਰ ਰਿਪੁਦਮਨ ਕੁਮਾਰ ਸਿੰਘ (ਅੰਤਰਰਾਸ਼ਟਰੀ ਖਿਡਾਰੀ) ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪਹਿਲੇ ਮੈਚ ਵਿੱਚ ਤਰਨ ਤਾਰਨ ਨੇ ਕਪੂਰਥਲਾ ਨੂੰ 6-0 ਦੇ ਫਰਕ ਨਾਲ, ਹੁਸ਼ਿਆਰਪੁਰ ਨੇ ਮੋਹਾਲੀ ਨੂੰ 5-0 ਨਾਲ, ਪਟਿਆਲਾ ਨੇ ਮੋਗਾ ਨੂੰ 3-0 ਨਾਲ, ਗੁਰਦਾਸਪੁਰ ਨੇ ਮੁਕਤਸਰ ਨੂੰ 6-0 ਨਾਲ, ਬਠਿੰਡਾ ਨੇ ਰੋਪੜ ਨੂੰ 4-0 ਨਾਲ, ਪਠਾਨਕੋਟ ਨੇ ਫਰੀਦਕੋਟ ਨੂੰ 2-0 ਨਾਲ, ਸੰਗਰੂਰ ਨੇ ਮਾਨਸਾ ਨੂੰ 11-0 ਨਾਲ ਮਾਤ ਦਿੱਤੀ ਅਤੇ ਮਲੇਰਕੋਟਲਾ ਨੇ ਸਖਤ ਮੁਕਾਬਲੇ ਮਗਰੋਂ ਫਿਰੋਜ਼ਪੁਰ ਨੂੰ 2-1 ਨਾਲ ਮਾਤ ਦਿੱਤੀ। ਪ੍ਰੀ-ਕੁਆਰਟਰ ਫਾਈਨਲ ਮੈਚਾਂ ਵਿੱਚ ਬਠਿੰਡਾ ਨੇ ਹੁਸ਼ਿਆਰਪੁਰ ਨੂੰ 6-0 ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਤਰਨ ਤਾਰਨ ਨੇ ਪਠਾਨਕੋਟ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮੈਚਾਂ ਸਮੇਂ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰਿਤੂ ਰਾਣੀ, ਅੰਤਰਰਾਸ਼ਟਰੀ ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ, ਹਾਕੀ ਇੰਡੀਆ ਦੇ ਮੁੱਖ ਤਕਨੀਕੀ ਅਧਿਕਾਰੀ ਹਰਿੰਦਰ ਸਿੰਘ ਸੰੰਘਾ, ਹਾਕੀ ਪੰਜਾਬ ਦੇ ਐਗਜ਼ੀਕਿਊਟਿਵ ਮੈਂਬਰ ਕੁਲਬੀਰ ਸਿੰਘ ਸੈਣੀ, ਪਰਮਿੰਦਰ ਕੌਰ, ਬਲਵਿੰਦਰ ਸਿੰਘ ਵਿੱਕੀ ਤਕਨੀਕੀ ਅਧਿਕਾਰੀ ਹਾਕੀ ਇੰਡੀਆ, ਸ਼ਿਵਲੋਚਕ ਦੀਪ ਸਿੰਘ ਤਕਨੀਕੀ ਅਧਿਕਾਰੀ ਹਾਕੀ ਇੰਡੀਆ ਤੇ ਹਾਕੀ ਕੋਚ ਪੂਨਮ ਰਾਣੀ ਹਾਜ਼ਰ ਸਨ।