ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 30 ਤੋਂ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਨਵੰਬਰ
ਪੰਜਾਬ ਰਾਜ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ 30 ਨਵੰਬਰ ਤੋਂ 2 ਦਸੰਬਰ ਤੱਕ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਕਰਵਾਈ ਜਾਵੇਗੀ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ (ਡੀ.ਬੀ.ਏ.) ਜਲੰਧਰ ਵੱਲੋਂ ਕਰਵਾਈ ਜਾ ਰਹੀ, ਇਹ ਚੈਂਪੀਅਨਸ਼ਿਪ ਇਤਿਹਾਸਕ ਹੋਵੇਗੀ । ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੇਤੂ ਖਿਡਾਰੀਆਂ ਨੂੰ 2 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਚੈਂਪੀਅਨਸ਼ਿਪ ਦੇ ਅਧਿਕਾਰਤ ਪੋਸਟਰ ਦਾ ਉਦਘਾਟਨ ਸ਼ਨੀਵਾਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਜਲੰਧਰ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ). ਦੁਆਰਾ ਕੀਤਾ ਗਿਆ। ਚੈਂਪੀਅਨਸ਼ਿਪ ਬਾਰੇ ਡੀ.ਬੀ.ਏ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 200 ਦੇ ਕਰੀਬ ਖਿਡਾਰੀ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਪੁਰਸ਼-ਮਹਿਲਾ ਵਰਗ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੈਚਾਂ ਦਾ ਸੰਚਾਲਨ ਬੀਏਆਈ ਤੋਂ ਮਾਨਤਾ ਪ੍ਰਾਪਤ ਰੈਫਰੀ ਵਿਲਾਸ ਹੰਸ ਅਤੇ ਉਨ੍ਹਾਂ ਦੀ ਟੀਮ ਕਰਨਗੇ। ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਦਸੰਬਰ ਵਿੱਚ ਬੰਗਲੌਰ ਵਿਖੇ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ ਜਿੱਥੇ ਉਹ ਕੌਮੀ ਪੱਧਰ ’ਤੇ ਖੇਡਣਗੇ। ਇਸ ਚੈਂਪੀਅਨਸ਼ਿਪ ਦਾ ਉਦਘਾਟਨ 30 ਨਵੰਬਰ ਨੂੰ ਮੁੱਖ ਮਹਿਮਾਨ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਕਰਨਗੇ।