ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਸਮਰਥ ਬਣਾਉਣ ਲਈ ਸ਼ੁਰੂ ਕੀਤੀ ਜਾਵੇਗੀ ਪੰਜਾਬ ਹੁਨਰ ਸਿਖਲਾਈ ਸਕੀਮ: ਅਰੋੜਾ
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਪੰਜਾਬ ਹੁਨਰ ਸਿਖਲਾਈ ਸਕੀਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਵਰਕਿੰਗ ਗਰੁੱਪ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਅਰੋੜਾ ਇੱਥੇ ਪੇਡਾ ਕੰਪਲੈਕਸ ਵਿਖੇ ਪ੍ਰਸਤਾਵਿਤ ਸਟੇਟ ਸਕਿੱਲ ਟਰੇਨਿੰਗ ਸਕੀਮ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਹੋਰ ਸੁਚੱਜੀ ਵਰਤੋਂ ਬਾਰੇ ਓਪਨ ਹਾਊਸ ਚਰਚਾ ਸੈਸ਼ਨ ਦੌਰਾਨ ਭਾਈਵਾਲਾਂ ਅਤੇ ਟ੍ਰੇਨਿੰਗ ਪਾਰਟਨਰਾਂ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਸਤਾਵਿਤ ਹੁਨਰ ਸਿਖਲਾਈ ਸਕੀਮ ਬਾਰੇ ਗੱਲ ਕਰਦਿਆਂ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਮਾਜ ਦੇ ਕਮਜ਼ੋਰ ਵਰਗ ਦੇ ਉਮੀਦਵਾਰਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਈਟੀਆਈਜ਼, ਪੌਲੀਟੈਕਨਿਕ, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ (ਐੱਮਐੱਸਡੀਸੀਜ਼), ਹੈਲਥ ਸੈਕਟਰ ਡਿਵੈਲਪਮੈਂਟ ਸੈਂਟਰਾਂ (ਐੱਚਐੱਸਡੀਸੀਜ਼), ਰੂਰਲ ਸਕਿੱਲ ਸੈਂਟਰਾਂ (ਆਰਐੱਸਸੀਜ਼) ਦੇ ਵਿਦਿਆਰਥੀਆਂ/ਉਮੀਦਵਾਰਾਂ ਅਤੇ ਉਨ੍ਹਾਂ ਤਜਰਬੇਕਾਰ ਉਮੀਦਵਾਰਾਂ, ਜਿਨ੍ਹਾਂ ਕੋਲ ਹੁਨਰ ਪ੍ਰਮਾਣ ਪੱਤਰ ਨਹੀਂ ਹਨ, ਨੂੰ ਥੋੜ੍ਹੇ ਸਮੇਂ (ਦੋ ਮਹੀਨੇ ਤੋਂ ਇੱਕ ਸਾਲ) ਦੇ ਸਿਖਲਾਈ ਕੋਰਸ ਕਰਵਾਏ ਜਾਣਗੇ। ਮੰਤਰੀ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੰਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਤਿੰਨ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ 198 ਰੂਰਲ ਸਕਿੱਲ ਸੈਂਟਰ ਕਾਰਜਸ਼ੀਲ ਹਨ।
ਸਨਅਤੀ ਲੋੜਾਂ ਅਤੇ ਹੁਨਰਮੰਦ ਸਟਾਫ਼ ਦਰਮਿਆਨ ਪਾੜੇ ਨੂੰ ਪੂਰਨ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ੍ਰੀ ਅਰੋੜਾ ਨੇ ਅਧਿਕਾਰੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਕੋਰਸਾਂ ਨੂੰ ਡਿਜ਼ਾਈਨ ਕਰਨ ਲਈ ਕਿਹਾ। ਪ੍ਰਮੁੱਖ ਸਕੱਤਰ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਸਾਰੇ ਭਾਈਵਾਲਾਂ ਅਤੇ ਟ੍ਰੇਨਿੰਗ ਪਾਰਟਨਰਾਂ ਦਾ ਸਵਾਗਤ ਕੀਤਾ। ਇਸ ਮੌਕੇ ਉਪ ਚੇਅਰਪਰਸਨ ਪੰਜਾਬ ਵਿਕਾਸ ਕਮਿਸ਼ਨ ਸੀਮਾ ਬਾਂਸਲ, ਡਾਇਰੈਕਟਰ ਅੰਮ੍ਰਿਤ ਸਿੰਘ ਅਤੇ ਤਕਨੀਕੀ ਸਿੱਖਿਆ, ਉਦਯੋਗ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ। ਸਮਾਗਮ ਵਿੱਚ ਉਦਯੋਗਿਕ ਐਸੋਸੀਏਸ਼ਨਾਂ, ਐੱਨਐੱਸਡੀਸੀ, ਸੀਆਈਆਈ, ਫਿੱਕੀ (ਐੱਫਆਈਸੀਸੀਆਈ), ਨਾਬਾਰਡ, ਸੀ-ਪਾਇਟ, ਟ੍ਰੇਨਿੰਗ ਪਾਰਟਨਰਜ਼, ਐੱਸਐੱਸਸੀਜ਼ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।