ਕੌਮੀ ਸਿੱਖਿਆ ਨੀਤੀ ਦਾ ਸਮਰਥਨ ਕਰੇ ਪੰਜਾਬ: ਰਾਜਪਾਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਰਾਜ ਭਵਨ ਵਿਚ ਕੌਮੀ ਸਿੱਖਿਆ ਨੀਤੀ (ਐਨਈਪੀ) ’ਤੇ ਦੋ ਰੋਜ਼ਾ ਵਾਈਸ ਚਾਂਸਲਰ ਕਾਨਫਰੰਸ ਕਰਵਾਈ ਗਈ।
ਇਸ ਕਾਨਫਰੰਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ। ਰਾਜਪਾਲ ਨੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਉੱਚ ਮਿਆਰਾਂ ਅਤੇ ਤਰੱਕੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੌਮੀ ਸਿੱਖਿਆ ਨੀਤੀ-2020 ਵਰਗੀ ਪ੍ਰਣਾਲੀ ਦਾ ਸਮਰਥਨ ਕਰਕੇ ਆਪਣੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਜੋ ਵਿਅਕਤੀਗਤ ਹੁਨਰ ਦਾ ਸਨਮਾਨ ਕਰਦੀ ਹੈ, ਭਾਸ਼ਾ ਦੇ ਪਾੜੇ ਨੂੰ ਪੂਰਦੀ ਹੈ ਅਤੇ ਸੰਸਥਾਗਤ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ। ਸ੍ਰੀ ਕਟਾਰੀਆ ਨੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਖੇਤਰੀ ਭਾਸ਼ਾ ਨੂੰ ਸ਼ਾਮਲ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਭਾਸ਼ਾ ਸਬੰਧੀ ਰੁਕਾਵਟਾਂ ਦਾ ਸਾਹਮਣਾ ਕੀਤੇ ਬਿਨਾਂ ਉਚੇਰੀ ਸਿੱਖਿਆ ਪ੍ਰਾਪਤ ਕਰਨ
ਵਿੱਚ ਮਦਦ ਮਿਲੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਅਕ ਸੁਧਾਰਾਂ ਵਿੱਚ ਪੰਜਾਬ ਦੀ ਪ੍ਰਗਤੀ ਬਾਰੇ ਦੱਸਿਆ।