ਹਰਿਆਣਾ ਦੀ ਵਧੀਕੀ ਦਾ ਜਵਾਬ ਦੇਵੇ ਪੰਜਾਬ: ਰਾਜਾ ਵੜਿੰਗ
ਸ਼ਗਨ ਕਟਾਰੀਆ
ਬਠਿੰਡਾ, 22 ਫਰਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਸਾਨ ਅੰਦੋਲਨ ਦੇ ਸੰਦਰਭ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਕੇਂਦਰ ਅਤੇ ਹਰਿਆਣਾ ਸਰਕਾਰ ਅੱਗੇ ਗੋਡੇ ਟੇਕਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ, ਪੰਜਾਬ ਅੰਦਰ ਦਾਖ਼ਲ ਹੋ ਕੇ ਵਧੀਕੀ ਕਰ ਗਈ ਪਰ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪੰਜਾਬ-ਹਰਿਆਣਾ ਹੱਦ ’ਤੇ ਪੰਜਾਬ ਪੁਲੀਸ ਤਾਇਨਾਤ ਕੀਤੀ ਜਾਵੇ ਅਤੇ ਹਰਿਆਣਾ ਨੂੰ ਸਖਤ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਹਿੰਸਾ ਨਹੀਂ ਚਾਹੁੰਦੇ ਪਰ ਦੁਨੀਆ ਕਿਸਾਨਾਂ ਦੇ ਸਿਰ ’ਤੇ ਚੱਲਦੀ ਹੈ। ਜੇ ਕਿਸਾਨ ਦੇਸ਼ ਦੀ ਰਾਜਧਾਨੀ ’ਚ ਆਪਣੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣ ਦੇਣਾ ਚਾਹੀਦਾ ਹੈ। ਉਨ੍ਹਾਂ ਬੀਤੇ ਦਿਨ ਖਨੌਰੀ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਸ੍ਰੀ ਵੜਿੰਗ ਨੇ ਪੱਛਮੀ ਬੰਗਾਲ ’ਚ ਪੱਗ ਵਾਲੇ ਪੁਲੀਸ ਅਫ਼ਸਰ ਨਾਲ ਵਿਤਕਰਾ ਕੀਤੇ ਜਾਣ ਲਈ ਭਾਜਪਾ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਵੱਲੋਂ ਅੰਦੋਲਨ ਲਈ ਰਾਜਨੀਤਕ ਪਾਰਟੀਆਂ ਦਾ ਸਹਿਯੋਗ ਮੰਗਿਆ ਜਾਂਦਾ ਹੈ ਤਾਂ ਕਾਂਗਰਸ ਡਟ ਕੇ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਕਿਸਾਨ ਮੁੱਦਿਆਂ ’ਤੇ ਚੁੱਪ ਕਿਉਂ ਹਨ। ਸ੍ਰੀ ਵੜਿੰਗ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਬਠਿੰਡਾ ’ਚ ਕੱਢੀ ਗਈ ਸ਼ੋਭਾ ਯਾਤਰਾ ’ਚ ਸ਼ਾਮਲ ਹੋਣ ਲਈ ਇਥੇ ਆਏ ਸਨ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ, ਪੰਜਾਬ ਕਾਂਗਰਸ ਦੇ ਡੈਲੀਗੇਟ ਕੇਕੇ ਅਗਰਵਾਲ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਹਰਵਿੰਦਰ ਲੱਡੂ, ਮਾ. ਹਰਿਮੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਹਾਜ਼ਰ ਸਨ।