ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਨੇ ਨਸ਼ਿਆਂ ਦੀ ਰੋਕਥਾਮ ਲਈ ਕੇਂਦਰ ਤੋਂ 600 ਕਰੋੜ ਮੰਗੇ

06:13 AM Jan 12, 2025 IST
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਤਰੀ ਕਾਨਫਰੰਸ ’ਚ ਹਿੱਸਾ ਲੈਂਦੇ ਹੋਏ।
ਆਤਿਸ਼ ਗੁਪਤਾ
ਚੰਡੀਗੜ੍ਹ, 11 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ’ਚ ਨਸ਼ਿਆਂ ਦੀ ਰੋਕਥਾਮ ਲਈ ਕੇਂਦਰ ਨੂੰ ਯਕਮੁਸ਼ਤ 600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਸ਼ਿਆਂ ਦੇ ਕੇਸਾਂ ਦੇ ਤੇਜ਼ੀ ਨਾਲ ਨਿਬੇੜੇ ਲਈ 79 ਵਿਸ਼ੇਸ਼ ਐੱਨਡੀਪੀਐੱਸ ਅਦਾਲਤਾਂ ਸਥਾਪਤ ਕਰਨ ਲਈ ਵੀ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਨਸ਼ੇ ਦੀ ਸਮੱਸਿਆ ਸੂਬੇ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਨੂੰ ਢਾਹ ਲਗਾ ਰਹੀ ਹੈ ਜਿਸ ਕਾਰਨ ਅਪਰਾਧ, ਘਰੇਲੂ ਹਿੰਸਾ ਅਤੇ ਸਿਹਤ ਨਾਲ ਸਬੰਧਤ ਮੁੱਦੇ ਵਧ ਰਹੇ ਹਨ। ‘ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ’ ਬਾਰੇ ਖੇਤਰੀ ਕਾਨਫਰੰਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕੇਂਦਰ ਨੂੰ 10 ਸਾਲਾਂ ਲਈ 600 ਕਰੋੜ ਰੁਪਏ (ਹਰ ਸਾਲ 60 ਕਰੋੜ ਰੁਪਏ) ਦੀ ਮਾਲੀ ਸਹਾਇਤਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ ਪਰ ਕੇਂਦਰ ਸਰਕਾਰ ਦੇ ਸਹਿਯੋਗ ਬਿਨਾਂ ਇਸ ਨੂੰ ਮੁਕੰਮਲ ਤੌਰ ’ਤੇ ਰੋਕਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਡਰੋਨਾਂ ਰਾਹੀਂ ਨਸ਼ਾ ਪੰਜਾਬ ਪਹੁੰਚ ਰਿਹਾ ਹੈ ਅਤੇ ਪਿਛਲੇ ਪੰਜ ਸਾਲਾਂ ’ਚ 1,247 ਡਰੋਨ ਦੇਖੇ ਗਏ ਜਿਨ੍ਹਾਂ ’ਚੋਂ ਸਿਰਫ਼ 417 ਹੀ ਫੜੇ ਗਏ ਹਨ। ਉਨ੍ਹਾਂ ਕਿਹਾ ਕਿ 552 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ’ਤੇ ਸਿਰਫ਼ 12 ਜੈਮਿੰਗ ਪ੍ਰਣਾਲੀਆਂ ਹਨ ਅਤੇ ਉਨ੍ਹਾਂ 50 ਹੋਰ ਪ੍ਰਣਾਲੀਆਂ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਜਨਵਰੀ, 2025 ਤੱਕ 35 ਹਜ਼ਾਰ ਐੱਨਡੀਪੀਐੱਸ ਕੇਸ ਬਕਾਇਆ ਪਏ ਹਨ ਅਤੇ ਇਕ ਸੈਸ਼ਨ ਅਦਾਲਤ ਕੇਸ ਦੇ ਨਿਬੇੜੇ ਲਈ ਸੱਤ ਸਾਲ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਇਹ ਸਮਾਂ ਹੱਦ ਵਧ ਕੇ 11 ਸਾਲ ਹੋ ਜਾਵੇਗੀ। ਮੁੱਖ ਮੰਤਰੀ ਨੇ ਸ਼ਾਹ ਨੂੰ ਕਿਹਾ ਕਿ ਉਹ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ), ਛੇ ਸਰਹੱਦੀ ਜ਼ਿਲ੍ਹਿਆਂ ਲਈ ਨਿਗਰਾਨੀ ਪ੍ਰਣਾਲੀਆਂ, ਤਕਨੀਕੀ ਨਿਗਰਾਨ ਸਾਜ਼ੋ-ਸਾਮਾਨ ਅਤੇ ਜੇਲ੍ਹਾਂ ਲਈ 5ਜੀ ਜੈਮਿੰਗ ਤਕਨੀਕ ਦੀ ਖ਼ਰੀਦ ਲਈ ਨਸ਼ਾ ਛੁਡਾਉਣ ਸਬੰਧੀ ਕੌਮੀ ਫੰਡ ’ਚੋਂ ਖੁੱਲ੍ਹੇ ਦਿਲ ਨਾਲ ਗਰਾਂਟ ਜਾਰੀ ਕਰਨ। ਸ੍ਰੀ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਪੰਜਾਬ ਪੁਲੀਸ ਦੇ 861 ਮੁਲਾਜ਼ਮਾਂ ’ਤੇ ਆਧਾਰਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਬਣਾਈ ਹੋਈ ਹੈ ਅਤੇ ਹਰ ਜ਼ਿਲ੍ਹੇ ਤੇ ਕਮਿਸ਼ਨਰੇਟ ਵਿੱਚ ਇਕ-ਇਕ ਨਾਰਕੋਟਿਕਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ।

‘ਏਆਈ ਪ੍ਰਣਾਲੀ ਰਾਹੀਂ ਰੱਖੀ ਜਾ ਰਹੀ ਹੈ ਨਜ਼ਰ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਿਸਟਮ ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਸ ਸਾਫ਼ਟਵੇਅਰ ਵਿੱਚ ਇਕ ਲੱਖ ਤੋਂ ਵੱਧ ਨਸ਼ਾ ਤਸਕਰਾਂ ਸਮੇਤ 3,32,976 ਅਪਰਾਧੀਆਂ ਦਾ ਡੇਟਾਬੇਸ ਹੈ। ਇਸ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਨੂੰ ਬਿਹਤਰ ਢੰਗ ਨਾਲ ਨਜਿੱਠਣ ਲਈ ਨਸ਼ਿਆਂ ਦੀ ਬਰਾਮਦਗੀ ਸਬੰਧੀ ਡੇਟਾ, ਆਵਾਜ਼ ਵਿਸ਼ਲੇਸ਼ਣ ਅਤੇ ਅਪਰਾਧੀਆਂ ਦੀ ਲਿੰਕ ਟਰੈਕਿੰਗ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਢਾਈ ਸਾਲਾਂ ’ਚ 43 ਹਜ਼ਾਰ ਵਿਅਕਤੀ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੌਰਾਨ ਨਸ਼ਾ ਤਸਕਰੀ ਦੇ 31,500 ਕੇਸ ਦਰਜ ਕਰਕੇ 43,000 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਸ਼ਾ ਤਸਕਰਾਂ ਦੀ 449 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੌਮੀ ਪੱਧਰ ’ਤੇ ਢੁਕਵੀਂ ਕਾਰਜ-ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ।

ਡਾਰਕ ਵੈੱਬ, ਕ੍ਰਿਪਟੋਕਰੰਸੀ ਤੇ ਡਰੋਨ ਦੇਸ਼ ਲਈ ਹਾਲੇ ਵੀ ਚੁਣੌਤੀ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੌਦਾ ਦਿੰਦੇ ਹੋਏ ਐਨਸੀਬੀ ਦੇ ਡੀਜੀ ਅਨੁਰਾਗ ਗਰਗ। -ਫੋਟੋ: ਏਐਨਆਈ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਡਾਰਕ ਵੈੱਬ, ਕ੍ਰਿਪਟੋਕਰੰਸੀ, ਆਨਲਾਈਨ ਮਾਰਕੀਟ ਪਲੇਸ ਅਤੇ ਡਰੋਨ ਦੇਸ਼ ਲਈ ਚੁਣੌਤੀ ਬਣੇ ਹੋਏ ਹਨ ਅਤੇ ਇਨ੍ਹਾਂ ਨੂੰ ਸਖ਼ਤ ਉਪਾਅ ਕਰਕ ਰੋਕਣਾ ਪਵੇਗਾ। ਇੱਥੇ ‘ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ’ ਬਾਰੇ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਸ਼ਾਹ ਨੇ ਕਿਹਾ ਕਿ ਦੇਸ਼ ਦੇ ਅੰਦਰ ਜਾਂ ਬਾਹਰ ਇੱਕ ਕਿਲੋਗਰਾਮ ਨਸ਼ੇ ਦੀ ਤਸਕਰੀ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ਼ ਨਸ਼ਿਆਂ ਦੇ ਕਈ ਨੈੱਟਵਰਕ ਖਤਮ ਕਰਨ ’ਚ ਕਾਮਯਾਬ ਰਹੀ ਹੈ ਬਲਕਿ ਉਨ੍ਹਾਂ ਨਾਲ ਜੁੜੇ ਅਤਿਵਾਦ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ, ਪੰਜਾਬ, ਗੁਜਰਾਤ ਤੇ ਉੱਤਰ ਪ੍ਰਦੇਸ਼ ’ਚ ਨਸ਼ਾ-ਅਤਿਵਾਦ ਨਾਲ ਸਬੰਧਤ ਕਈ ਕੇਸ ਸੁਲਝਾਏ ਗਏ ਹਨ ਅਤੇ ਇਹ ਵੱਡੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ, ‘ਡਾਰਕ ਵੈੱਬ, ਕ੍ਰਿਪਟੋਕਰੰਸੀ, ਆਨਲਾਈਨ ਮਾਰਕੀਟ ਪਲੇਸ, ਡਰੋਨ ਦੀ ਵਰਤੋਂ ਅੱਜ ਵੀ ਸਾਡੇ ਲਈ ਚੁਣੌਤੀ ਬਣੇ ਹੋਏ ਹਨ।’ ਸ਼ਾਹ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਤਕਨੀਕੀ ਹੱਲ ਰਾਜਾਂ ਤੇ ਕੇਂਦਰ ਸਰਕਾਰ ਅਤੇ ਤਕਨੀਕੀ ਮਾਹਿਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਲੱਭਣਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਤੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨਸ਼ੇ ਖਿਲਾਫ਼ ਲੜਾਈ ਨੂੰ ਨਵੀਂ ਤਾਕਤ ਮਿਲੀ ਹੈ। ਉਨ੍ਹਾਂ ਕਿਹਾ, ‘ਪਿਛਲੇ ਦਸ ਸਾਲਾਂ ’ਚ ਨਸ਼ੀਲੀਆਂ ਦਵਾਈਆਂ ਦੀ ਜ਼ਬਤੀ ’ਚ ਸੱਤ ਗੁਣਾ ਵਾਧਾ ਹੋਇਆ ਹੈ ਜੋ ਇੱਕ ਵੱਡੀ ਪ੍ਰਾਪਤੀ ਹੈ। ਮੋਦੀ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਨਸ਼ਿਆਂ ਦੇ ਪੂਰੇ ਈਕੋ-ਸਿਸਟਮ ਖਤਮ ਕਰਨ ਦਾ ਸਖ਼ਤ ਸੁਨੇਹਾ ਦਿੱਤਾ ਹੈ।’ -ਪੀਟੀਆਈ

 

Advertisement

Advertisement