Punjab: 24 ਘੰਟਿਆਂ ਵਿਚ ਅਕਾਲੀ ਦਲ ਨੂੰ ਦੂਜਾ ਝਟਕਾ, ਇੱਕ ਹੋਰ ਆਗੂ ਨੇ ਦਿੱਤਾ ਅਸਤੀਫ਼ਾ
ਜੀਐਸ ਪੌਲ
ਅੰਮ੍ਰਿਤਸਰ, 20 ਨਵੰਬਰ
ਸ਼੍ਰੋਮਣੀ ਅਕਾਲੀ ਦਲ ਨੂੰ 24 ਘੰਟਿਆਂ ਦੇ ਅੰਦਰ ਦੂਜਾ ਵੱਡਾ ਝਟਕਾ ਲੱਗਿਆ ਹੈ। ਪਾਰਟੀ ਆਗੂ ਅਨਿਲ ਜੋਸ਼ੀ ਨੇ ਅੱਜ ਸਵੇਰੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੋਸ਼ੀ ਨੇ ਆਪਣਾ ਅਸਤੀਫ਼ਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਿਆ ਹੈ।
ਇਸ ਦੌਰਾਨ ਜੋਸ਼ੀ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਆਪਣੇ ਆਪ ਨੂੰ ਪਾਰਟੀ ਵਿੱਚ 'ਗਲਤ' ਹੋਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਉਹ ਪੰਜਾਬ ਦੇ ਲੋਕਾਂ, ਕਿਸਾਨਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਕਾਰਨ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਹਨ।
ਪਰ ਇਸ ਵਿੱਚ ਸ਼ਾਮਲ ਹੋਣ ਤੋਂ ਬਾਅਦ, ਖਾਸ ਕਰਕੇ ਬਾਦਲ ਸਾਹਿਬ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਝੂਠੀ ਧਾਰਨਾ ਹੈ। ਮੌਜੂਦਾ ਹਾਲਾਤ ਨੇ ਪਾਰਟੀ ਅੰਦਰ ਅਜਿਹੀ ਨਿਰਾਸ਼ਾਜਨਕ ਸਥਿਤੀ ਲੈ ਲਈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਲਿਖਿਆ ਕਿ ਇਉਂ ਜਾਪਦਾ ਸੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਮਾਪਦੰਡਾਂ ’ਤੇ ਆਪਣੀ ਸਥਿਤੀ ਨੂੰ ਮੁੜ ਸੁਰਜੀਤ ਕਰਨ ਦਾ ਇਕੋ-ਇਕ ਏਜੰਡਾ ਮਿਲਿਆ ਹੈ ਅਤੇ ਉਹ ਸਿਰਫ ਪੰਥਕ ਰਾਜਨੀਤੀ ਵਿਚ ਹੀ ਉਲਝ ਗਿਆ ਹੈ।
ਜੋਸ਼ੀ ਨੇ ਪੱਤਰ ਵਿਚ ਕਿਹਾ ਕਿ ਪਾਰਟੀ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਹੈ। ਮੇਰਾ ਮਨੋਰਥ ਲੋਕਾਂ ਦੀ ਸਰਵਪੱਖੀ ਭਲਾਈ ਅਤੇ ਵਿਕਾਸ ਸੀ। ਆਤਮ ਨਿਰੀਖਣ ਤੋਂ ਬਾਅਦ ਮੈਂ ਇਸ ਸਿੱਟੇ ’ਤੇ ਪਹੁੰਚਿਆ ਕਿ ਮੇਰੇ ਲਈ ਪਾਰਟੀ ਵਿਚ ਬਣੇ ਰਹਿਣਾ ਅਸੰਭਵ ਹੈ ।
ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਅਕਾਲੀ-ਭਾਜਪਾ ਸਰਕਾਰ (2012-2017) ਦੌਰਾਨ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਸਨ। ਉਨ੍ਹਾਂ ਨੇ ਆਪਣੀ ਹੀ ਪਾਰਟੀ ਭਾਜਪਾ ਦੇ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਬਗਾਵਤ ਕੀਤੀ ਸੀ, ਜਿਸ ਕਾਰਨ ਉਸਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀਦਲ ਵਿਚ ਸ਼ਾਮਲ ਹੋ ਗਏ ਸਨ।
ਇਸ ਤੋਂ ਇੱਕ ਦਿਨ ਪਹਿਲਾਂ ਤਰਨਤਾਰਨ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਾਰਟੀ ਛੱਡ ਦਿੱਤੀ ਸੀ।