ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ: ਸਤਹਿ ਹੇਠ ਖੌਲ ਰਹੇ ਤੌਖ਼ਲੇ ਤੇ ਸਵਾਲ

08:16 AM Jun 26, 2024 IST

ਗੁਰਬਚਨ ਜਗਤ

ਇਕ ਦਿਨ ਮੈਂ ਇਹ ਦੇਖਣ ਲਈ ਕਿਤਾਬਾਂ ਦੀ ਦੁਕਾਨ ’ਤੇ ਗਿਆ ਸੀ ਕਿ ਕੀ ਕੋਈ ਨਵੀਂ ਕਿਤਾਬ ਆਈ ਹੈ। ਮੈਂ ਕੁਝ ਕਿਤਾਬਾਂ ਲੈ ਕੇ ਉੱਥੋਂ ਚੱਲਣ ਹੀ ਲੱਗਿਆ ਸੀ ਕਿ ਇੱਕ ਜਵਾਨ ਔਰਤ ਮੇਰੇ ਕੋਲ ਆ ਕੇ ਕਹਿਣ ਲੱਗੀ ਕਿ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ। ਮੈਂ ਉਸ ਔਰਤ ਅਤੇ ਦਿੱਲੀ ਵਿਚ ਰਹਿੰਦੇ ਉਸ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਕਾਫ਼ੀ ਉਤੇਜਿਤ ਲੱਗ ਰਹੀ ਸੀ; ਉਸ ਨੇ ਮੈਨੂੰ ਪੁੱਛਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦਾ ਲੋਕ ਸਭਾ ਲਈ ਚੁਣਿਆ ਜਾਣਾ ਪੰਜਾਬ ਦੇ ਭਵਿੱਖ ਲਈ ਕਿਹੋ ਜਿਹੇ ਸੰਕੇਤ ਦਿੰਦਾ ਹੈ? ਮੈਂ ਉਸ ਦੇ ਤੌਖ਼ਲੇ ਦੂਰ ਕਰਨ ਦੀ ਕੋਸਿ਼ਸ਼ ਕੀਤੀ ਪਰ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ। ਕਿਤਾਬਾਂ ਦੀ ਦੁਕਾਨ ਦੇ ਸ਼ਾਂਤ ਜਿਹੇ ਮਾਹੌਲ ਵਿੱਚ ਇਸ ਤਰ੍ਹਾਂ ਦੇ ਟਕਰਾਅ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਅਤੇ ਮੈਂ ਇਸ ਵਿਚਾਰ ਲੜੀ ਤੋਂ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਮੈਂ ਵਾਪਸ ਘਰ ਆ ਗਿਆ ਅਤੇ ਚਚੇਰੇ ਭਰਾ ਦਾ ਫੋਨ ਆ ਗਿਆ ਜੋ ਫ਼ੌਜ ਵਿੱਚੋਂ ਸੀਨੀਅਰ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ ਤੇ ਹੁਣ ਪੰਜਾਬ ਵਿਚ ਵੱਸ ਗਿਆ ਹੈ। ਉਸ ਨੇ ਮੈਥੋਂ ਪੁੱਛਿਆ ਕਿ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ। ਮੈਂ ਕੁਝ ਚੰਗੀਆਂ ਜਿਹੀਆਂ ਗੱਲਾਂ ਕਰ ਕੇ ਉਸ ਦੀ ਬੇਚੈਨੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁਝਾਅ ਦਿੱਤਾ ਕਿ ਆਪਣੀ ਘਰਵਾਲੀ ਨੂੰ ਲੈ ਕੇ ਕੁਝ ਛੁੱਟੀਆਂ ਮਨਾ ਆਵੇ। ਅਗਲੇ ਕੁਝ ਦਿਨਾਂ ਵਿੱਚ ਮੈਨੂੰ ਪੰਜਾਬ ਤੋਂ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ ਪਛਾਣ ਵਾਲਿਆਂ ਦੇ ਕਈ ਫੋਨ ਆਏ ਅਤੇ ਉਨ੍ਹਾਂ ਵੀ ਅੱਧਮਨੇ ਜਿਹੇ ਢੰਗ ਨਾਲ ਇਹੋ ਸਵਾਲ ਪੁੱਛਿਆ। ਪੰਜਾਬ ਵਿੱਚ ਸਤਹਿ ਦੇ ਹੇਠਾਂ ਬੇਚੈਨੀ ਬਣੀ ਹੋਈ ਸੀ ਅਤੇ ਫਿਰ ਇੱਕ ਦਹਾਕੇ ਤੱਕ ਇਸ ਨੇ ਹਿੰਸਾ ਦੀ ਸੁਨਾਮੀ ਦੇਖੀ ਸੀ। ਕੀ ਅਤੀਤ ਵਰਤਮਾਨ ਤੇ ਭਵਿੱਖ ਬਣ ਰਿਹਾ ਹੈ?
ਹਿੰਸਾ ਤੋਂ ਉਭਰਨ ਲਈ ਕਈ ਸਾਲ ਲੱਗੇ ਸਨ ਅਤੇ ਮੈਂ ਇਸ ਨੂੰ ਮੁੱਢ ਤੋਂ ਲੈ ਕੇ ਅੰਤ ਤੱਕ ਦੇਖਿਆ ਸੀ। ਇਸ ਨੂੰ ਸਿਆਹ ਸਾਇਆ ਬਣਨ ਵਿੱਚ ਕਈ ਸਾਲ ਲੱਗੇ ਸਨ ਅਤੇ ਆਮ ਧਾਰਨਾ ਦੇ ਉਲਟ ਇਸ ਸਿਆਹ ਨਾਟਕ ਦੇ ਪ੍ਰਮੁੱਖ ਅਦਾਕਾਰ ਜਾਣੇ ਪਛਾਣੇ ਹਨ। ਇਸ ਦੀ ਸ਼ਤਰੰਜ ਦੇ ਸਿਆਸੀ ਅਤੇ ਸਮਾਜਿਕ ਖਿਡਾਰੀਆਂ ਬਾਰੇ ਸਭ ਜਾਣਦੇ ਹਨ ਪਰ ਗ੍ਰੀਕ ਤਰਾਸਦੀ ਦੇ ਰਾਹੇਅਮਲ ਵਾਂਗ ਅਸੀਂ ਭਵਿੱਖ ਦੇਖ ਸਕਦੇ ਹਾਂ ਪਰ ਇਸ ਵਿੱਚ ਦਖ਼ਲ ਨਹੀਂ ਦੇ ਸਕਦੇ ਤੇ ਤਰਾਸਦੀ ਆਪਣੇ ਖ਼ੌਫ਼ਨਾਕ ਅੰਜਾਮ ਤੱਕ ਪਹੁੰਚ ਕੇ ਦਮ ਲਵੇਗੀ। ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਅਤੇ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੁੰਦੀ ਹੈ।... ਕੀ ਅਸੀਂ ਉਸ ਦੇ ਦੁਹਰਾਓ ਵੱਲ ਵਧ ਰਹੇ ਹਾਂ? ਮੀਡੀਆ ਅਤੇ ਨਾਗਰਿਕ ਸਮਾਜ ਚੁੱਪ ਕਿਉਂ ਹਨ? ਇਹ ਦੋਵੇਂ ਬੰਦੇ ਕਿੱਥੋਂ ਆਏ ਹਨ ਅਤੇ ਕਿਵੇਂ ਇਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਹਨ? ਇਹ ਸਵਾਲ ਪੁੱਛਣ ਦਾ ਸਮਾਂ ਹੈ ਅਤੇ ਸਿਆਸੀ ਪਾਰਟੀਆਂ ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਜਾਪਦਾ ਹੈ, ਸਿਆਸੀ ਪਾਰਟੀਆਂ ਦਾ ਇੱਕੋ-ਇੱਕ ਮਕਸਦ ਰਹਿ ਗਿਆ ਹੈ ਕਿ ਪਾਰਲੀਮੈਂਟ, ਅਸੈਂਬਲੀਆਂ, ਨਗਰ ਨਿਗਮਾਂ ਤੇ ਪੰਚਾਇਤਾਂ ਲਈ ਚੋਣਾਂ ਲੜੋ ਅਤੇ ਜਿੱਤੋ। ਉਨ੍ਹਾਂ ਦੀ ਇੱਕੋ-ਇੱਕ ਖਾਹਿਸ਼ ਹੈ ਕਿ ਹਰ ਪੱਧਰ ’ਤੇ ਸੱਤਾ ਹਥਿਆਈ ਜਾਵੇ ਪਰ ਜਵਾਬਦੇਹੀ ਕੋਈ ਵੀ ਨਾ ਹੋਵੇ। ਸਰਕਾਰ ਨੂੰ ਹੁਣ ਤੱਕ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕਿ ਲੋਕ ਫਿ਼ਕਰਮੰਦ ਹਨ; ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੂਲ ਕਾਰਨਾਂ ਦੀ ਘੋਖ ਕਰ ਕੇ ਇਨ੍ਹਾਂ ਚੋਣ ਨਤੀਜਿਆਂ ਅਤੇ ਇਸ ਤੋਂ ਇਲਾਵਾ ਕੰਗਨਾ ਰਣੌਤ ਦੇ ਮੂੰਹ ’ਤੇ ਵੱਜੀ ਚਪੇੜ ਦੀ ਵੀ ਵਜ਼ਾਹਤ ਕਰਨੀ ਚਾਹੀਦੀ ਹੈ।
ਪਿਛਲੇ ਦੋ ਦਹਾਕਿਆਂ ਤੋਂ ਵੱਧ ਅਰਸੇ ਦੌਰਾਨ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਵਿਚ 1980ਵਿਆਂ ਤੇ 1990ਵਿਆਂ ਤੱਕ ਜੋ ਕੁਝ ਵਾਪਰਿਆ ਸੀ, ਉਸ ਦੇ ਕਾਰਨਾਂ ਦੀ ਜਾਂਚ ਨਹੀਂ ਕਰਵਾਈ ਅਤੇ ਇਸ ਤੋਂ ਕੋਈ ਸਬਕ ਵੀ ਨਹੀਂ ਲਿਆ। ਕਿਸੇ ਵੀ ਸਰਕਾਰ ਨੇ ਨੌਜਵਾਨਾਂ ਦੀ ਸਿੱਖਿਆ, ਉਨ੍ਹਾਂ ਦੇ ਰੁਜ਼ਗਾਰ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਨਅਤਾਂ ਬਾਰੇ ਕੋਈ ਵਿਆਪਕ ਯੋਜਨਾਬੰਦੀ ਨਹੀਂ ਕੀਤੀ। ਇਹ ਗੱਲ ਨਹੀਂ ਕਿ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ; ਹਰੇ ਇਨਕਲਾਬ ਸਦਕਾ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ। ਇੱਕ ਆਈਆਈਟੀ, ਇੱਕ ਆਈਆਈਐੱਮ, ਪ੍ਰੀਮੀਅਰ ਮੈਡੀਕਲ ਸੰਸਥਾ ਅਤੇ ਸੜਕੀ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਇਆ ਹੈ ਪਰ ਇਹ ਕਾਫ਼ੀ ਨਹੀਂ ਕਿਉਂਕਿ ਜਿ਼ਆਦਾਤਰ ਹਿੱਸਾ ਰਵਾਇਤੀ ਖੇਤੀਬਾੜੀ ਅਰਥਚਾਰੇ ਅਤੇ ਸੁੰਗੜ ਰਹੀਆਂ ਖੇਤੀ ਜੋਤਾਂ ਦਰਮਿਆਨ ਫਸਿਆ ਹੋਇਆ ਹੈ ਜਿਸ ਕਰ ਕੇ ਕਿਸਾਨਾਂ ਦੇ ਸਿਰ ਕਰਜ਼ੇ ਦਾ ਬੋਝ ਅਤੇ ਖ਼ੁਦਕੁਸ਼ੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਰੁਜ਼ਗਾਰ ਦੇ ਹੋਰ ਸਰੋਤ ਜਿਵੇਂ ਹਥਿਆਰਬੰਦ ਦਸਤਿਆਂ ਵਿੱਚ ਭਰਤੀ ਘਟ ਰਹੀ ਹੈ ਜਿਸ ਕਰ ਕੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਰਵਾਸ ਵਧ ਰਿਹਾ ਹੈ। ਇਸ ਕਰ ਕੇ ਆਮ ਲੋਕਾਂ, ਖ਼ਾਸਕਰ ਨੌਜਵਾਨਾਂ ਅੰਦਰ ਬੇਚੈਨੀ ਪੈਦਾ ਹੋ ਰਹੀ ਹੈ ਜਿਸ ਨੂੰ ਕੱਟੜਵਾਦੀ ਅਨਸਰ ਵਰਤ ਸਕਦੇ ਹਨ। ਲੋਕਾਂ ਨੂੰ ਸਬਜ਼ਬਾਗ਼ ਦਿਖਾਉਣ, ਖ਼ੈਰਾਤਾਂ ਵੰਡਣ ਅਤੇ ਝੂਠੇ ਅੰਕੜੇ ਪੇਸ਼ ਕਰਨ ਦੀ ਸਿਆਸਤਦਾਨਾਂ ਦੀ ਆਦਤ ਉਲਟੀ ਪੈ ਰਹੀ ਹੈ? ਨਸ਼ਿਆਂ ਦਾ ਧੰਦਾ ਸਮੁੱਚੇ ਦੇਸ਼ ਅੰਦਰ ਪਸਰ ਚੁੱਕਿਆ ਹੈ ਅਤੇ ਦੇਸ਼ ਭਰ ਵਿੱਚ ਛਾਪੇ ਮਾਰ ਕੇ ਕੁਝ ਕੁ ਛੋਟੀਆਂ ਮਛਲੀਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਅਜੇ ਤੱਕ ਨਸ਼ਿਆਂ ਦਾ ਵੱਡਾ ਕਾਰੋਬਾਰੀ ਜਾਂ ਇਸ ਧੰਦੇ ਦੇ ਕਿਸੇ ਫਾਇਨਾਂਸਰ ਨੂੰ ਕਾਬੂ ਨਹੀਂ ਕੀਤਾ ਗਿਆ।
ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੀ ਥਾਂ ਕੱਟੜ ਸੱਜੇ ਪੱਖੀ ਲੈ ਰਹੇ ਹਨ। ਹਾਲੀਆ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਘਟ ਕੇ 13.4 ਪ੍ਰਤੀਸ਼ਤ ਰਹਿ ਗਈਆਂ। ਭਾਜਪਾ ਨੇ ਵੀ 18.5 ਪ੍ਰਤੀਸ਼ਤ ਵੋਟ ਲੈ ਕੇ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ 2022 ਵਿਚ 18.3 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ ਤੇ ਇਹ ਹੁਣ ਉਸ ਤੋਂ ਵੀ ਹੇਠਾਂ ਖਿਸਕ ਗਿਆ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਿ਼ਕਰ ਕੀਤਾ ਕਿਉਂਕਿ ਇਹ ਉਹ ਪਾਰਟੀ ਹੈ ਜਿਸ ਨੇ ਪੰਜਾਬੀ ਸੂਬਾ ਮੋਰਚਾ ਵਿੱਢਿਆ ਸੀ ਤੇ ਭਾਰਤ ਵਿੱਚ ਕਾਂਗਰਸ ਤੋਂ ਬਾਅਦ ਇਹ ਦੂਜੀ ਸਭ ਤੋਂ ਪੁਰਾਣੀ ਸਿਆਸੀ ਧਿਰ ਹੈ। ਉੱਚੇ ਸਿਆਸੀ ਕੱਦ ਵਾਲੀ ਸ਼ਖ਼ਸੀਅਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਐਮਰਜੈਂਸੀ ਤੋਂ ਲੈ ਕੇ ਐੱਸਵਾਈਐੱਲ ਨਹਿਰ ਜਿਹੇ ਸਿਆਸੀ ਮੁੱਦਿਆਂ ’ਤੇ ਆਪਣੇ ਰੁਖ਼ ਕਾਰਨ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ; ਹਾਲਾਂਕਿ ਖਾੜਕੂਵਾਦ ਦੇ ਦੌਰ ਵਿੱਚ ਅੱਸੀਵਿਆਂ ਤੇ ਨੱਬੇਵਿਆਂ ’ਚ, ਬਾਦਲ ਤੇ ਉਨ੍ਹਾਂ ਦੀ ਪਾਰਟੀ ਮੁੱਖ ਧਾਰਾ ਦੀਆਂ ਬਾਕੀ ਪਾਰਟੀਆਂ ਵਾਂਗ ਮੂਕ ਦਰਸ਼ਕ ਬਣੀਆਂ ਰਹੀਆਂ ਅਤੇ ਇਉਂ ਕੱਟੜਵਾਦੀਆਂ ਲਈ ਮੈਦਾਨ ਖਾਲੀ ਛੱਡ ਦਿੱਤਾ। ਇਸ ਤੋਂ ਇਲਾਵਾ ਖਾੜਕੂਆਂ ਦੀ ਚਿਤਾਵਨੀ ਅੱਗੇ ਝੁਕਦਿਆਂ ਉਨ੍ਹਾਂ ਦੀ ਪਾਰਟੀ ਨੇ 1992 ਵਿੱਚ ਸੂਬਾਈ ਚੋਣਾਂ ਦਾ ਬਾਈਕਾਟ ਵੀ ਕੀਤਾ।
ਪੰਜਾਬੀ ਕਿਸਾਨਾਂ ਵੱਲੋਂ ਦਿੱਲੀ ’ਚ ਘੜੀਆਂ ਜਾ ਰਹੀਆਂ ਨੀਤੀਆਂ ਖਿ਼ਲਾਫ਼ ਵਿੱਢੇ ਵਿਸ਼ਾਲ ਅੰਦੋਲਨ ’ਚੋਂ ਸੂਬਾ ਕਾਂਗਰਸ ਅਤੇ ਇਸ ਦੀ ਲੀਡਰਸ਼ਿਪ ਗ਼ੈਰ-ਹਾਜ਼ਰ ਰਹੀ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ’ਚ ਇਸ ਸੰਘਰਸ਼ ’ਚੋਂ ਗ਼ੈਰ-ਹਾਜ਼ਰ ਰਹਿ ਕੇ ਪਾਰਟੀ ਨੇ ਆਪਣਾ ਹੀ ਨੁਕਸਾਨ ਕੀਤਾ। ਇਸ ਨੁਕਸਾਨ ਦੀ ਪੁਸ਼ਟੀ ਬਾਅਦ ’ਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਨਾਲ ਹੋਈ (ਨਤੀਜੇ ਵਜੋਂ ਜਿ਼ਆਦਾਤਰ ਸੂਬਾਈ ਆਗੂ ਭਾਜਪਾ ’ਚ ਚਲੇ ਗਏ)। ਪੰਜਾਬੀਆਂ ਨੇ ਸਥਾਪਿਤ ਸਿਆਸੀ ਪਾਰਟੀਆਂ ਤੇ ਪਰਿਵਾਰ ਨਕਾਰ ਦਿੱਤੇ ਅਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਸਪੱਸ਼ਟ ਤੌਰ ’ਤੇ ‘ਆਪ’ ਵੀ ਕੋਈ ਅਸਰ ਨਹੀਂ ਪਾ ਸਕੀ ਜੋ ਇਸ ਵੱਲੋਂ ਲੋਕ ਸਭਾ ਚੋਣਾਂ ਵਿੱਚ ਜਿੱਤੀਆਂ ਸੀਟਾਂ ਦੀ ਗਿਣਤੀ (13 ਵਿੱਚੋਂ ਸਿਰਫ਼ ਤਿੰਨ) ਤੇ ਵੋਟ ਸ਼ੇਅਰ ’ਚ ਆਏ ਨਿਘਾਰ ਤੋਂ ਪ੍ਰਤੱਖ ਹੈ। ਇਹ ਉਹੀ ਪਾਰਟੀ ਹੈ ਜਿਸ ਨੂੰ 2022 ਦੀਆਂ ਚੋਣਾਂ ’ਚ 42 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ ਜੋ ਹੁਣ ਘੱਟ ਕੇ 26 ਪ੍ਰਤੀਸ਼ਤ ਰਹਿ ਗਈਆਂ ਹਨ। ਅਹਿਮ ਨੁਕਤਾ ਇਹ ਹੈ ਕਿ ਮੁੱਖਧਾਰਾ ਦੀਆਂ ਪਾਰਟੀਆਂ ਆਪਣੇ ਹਿੱਸੇ ਦੀ ਵੋਟ ਅੰਮ੍ਰਿਤਪਾਲ ਵਰਗਿਆਂ ਨੂੰ ਗੁਆ ਰਹੀਆਂ ਹਨ ਜਿਸ ਨਾਲ ਰਾਜਨੀਤਕ ਬਹਿਸ ਤਿੱਖੀ ਤੇ ਕਠੋਰ ਹੋ ਰਹੀ ਹੈ। ਇਸ ਤੋਂ ਉਹ ਸਮਾਂ ਚੇਤੇ ਆਉਂਦਾ ਹੈ ਜਦ ਮੁੱਖ ਧਾਰਾ ਪਾਰਟੀਆਂ ਨੂੰ ਚੋਣਾਂ ਦਾ ਬਾਈਕਾਟ ਕਰਨਾ ਪਿਆ ਸੀ ਤੇ ਕੱਟੜਵਾਦੀਆਂ ਦੇ ਇਸ਼ਾਰਿਆਂ ’ਤੇ ਚੱਲਣਾ ਪਿਆ। ਇਹ ਸੂਬੇ ਅਤੇ ਇਸ ਦੇ ਲੋਕਾਂ, ਦੋਵਾਂ ਲਈ ਚੰਗਾ ਨਹੀਂ ਹੈ।
ਕੱਟੜ ਸੱਜੇ ਪੱਖੀਆਂ ਵੱਲੋਂ ਪੁਰਾਣੇ ਲਾਂਬੂਆਂ ’ਤੇ ਫੂਕਾਂ ਮਾਰਨ ਨਾਲ ਪੰਜਾਬ ਤੇ ਭਾਰਤ ਦੀ ਸੁਰੱਖਿਆ ਤੇ ਸ਼ਾਂਤੀ ਲਈ ਖ਼ਤਰਾ ਖੜ੍ਹਾ ਹੋਵੇਗਾ। ਜਦੋਂ ਤੱਕ ਸਮੱਸਿਆ ਦੀ ਜੜ੍ਹ ਨਹੀਂ ਫੜੀ ਜਾਂਦੀ, ਸਾਜਿ਼ਸ਼ੀ ਥਿਊਰੀਆਂ ਫੁੱਟਣਗੀਆਂ ਤੇ ਜਿਸ ਸ਼ਾਂਤੀ ਨੂੰ ਸਥਾਪਿਤ ਹੋਣ ’ਚ ਦਹਾਕੇ ਲੱਗ ਗਏ, ਉਹ ਡਗਮਗਾ ਜਾਵੇਗੀ। ਸੱਚ ਤਾਂ ਇਹ ਹੈ ਕਿ ਅਸਲ ਮੁੱਦਿਆਂ- ਬੇਰੁਜ਼ਗਾਰੀ, ਸਿੱਖਿਆ, ਸਿਹਤ, ਸੁਰੱਖਿਆ ਨੂੰ ਅਣਗੌਲਿਆਂ ਕੀਤਾ ਗਿਆ ਹੈ। ਵਿਕਾਸ ਦੀ ਸੂਚੀ ਵਿੱਚ ਪੰਜਾਬ ਲੰਮੇ ਸਮੇਂ ਤੋਂ ਹੇਠਾਂ ਨੂੰ ਹੀ ਜਾ ਰਿਹਾ ਹੈ, ਕਿਸੇ ਸਮੇਂ ਇਹ ਸਿਖਰ ’ਤੇ ਰਿਹਾ ਹੈ। ਅੱਜ ਪੰਜਾਬ ਦੀ ਹਾਲਤ ਅਜਿਹੀ ਹੈ ਕਿ ਇਹ ਵਿਕਾਸ ਤੇ ਤਰੱਕੀ ਦੇ ਸਾਰੇ ਮਾਪਦੰਡਾਂ ਵਿੱਚ ਬਿਲਕੁਲ ਹੇਠਾਂ ਜਾ ਚੁੱਕੇ ਰਾਜਾਂ ਵਿੱਚ ਸ਼ਾਮਿਲ ਹੈ। ਸਿਆਸਤਦਾਨ ਅੱਗ ਨਾਲ ਖੇਡ ਸਕਦੇ ਹਨ ਪਰ ਆਖਿ਼ਰ ਕਿਸ ਕੀਮਤ ’ਤੇ? ਸਮਾਂ ਆ ਗਿਆ ਹੈ ਕਿ ਮੁੱਖਧਾਰਾ ਆਪਣਾ ਪੱਧਰ ਉੱਚਾ ਚੁੱਕੇ ਤੇ ਲੋਕਾਂ ਨੂੰ ਲਾਮਬੰਦ ਕਰ ਕੇ ਗੁਆਚੀ ਜ਼ਮੀਨ ਮੁੜ ਹਾਸਿਲ ਕਰੇ। ਲੋਕਾਂ ਨੂੰ ਤੁਸੀਂ ਤਾਂ ਹੀ ਲਾਮਬੰਦ ਕਰ ਸਕਦੇ ਹੋ ਜੇ ਤੁਹਾਡੇ ਕੋਲ ਰਾਜ ਲਈ ਸੰਪੂਰਨ ਤੌਰ ’ਤੇ ਕੋਈ ਦ੍ਰਿਸ਼ਟੀਕੋਣ ਹੋਵੇ, ਅਜਿਹਾ ਦ੍ਰਿਸ਼ਟੀਕੋਣ ਜਿਸ ਵਿੱਚ ਹਰ ਪੱਧਰ ’ਤੇ ਸਾਰੇ ਨਾਗਰਿਕਾਂ ਦੇ ਯੋਜਨਾਬੱਧ ਵਿਕਾਸ ਲਈ ਖ਼ਾਕਾ ਹੋਵੇ।

Advertisement

*ਲੇਖਕ ਮਨੀਪੁਰ ਦੇ ਸਾਬਕਾ ਰਾਜਪਾਲ ਹਨ।

Advertisement
Advertisement
Advertisement