ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਖੰਨਾ ਨਗਰ ਕੌਂਸਲ ਨੂੰ 2.82 ਕਰੋੜ ਦਾ ਜੁਰਮਾਨਾ
ਦੇਵਿੰਦਰ ਸਿੰਘ ਜੱਗੀ
ਪਾਇਲ, 2 ਫਰਵਰੀ
ਨੇੜਲੇ ਪਿੰਡ ਜਰਗੜੀ ਦੀ ਸਾਈਫਨ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦਾ ਨੋਟਿਸ ਲੈਂਦਿਆਂ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਕੌਂਸਲ ਖੰਨਾ ਨੂੰ 2.82 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਪਿਛਲੇ ਸਾਲ ਪਿੰਡ ਵਾਸੀਆਂ ਵੱਲੋਂ ਕੌਮੀ ਗਰੀਨ ਟ੍ਰਿਬਿਊਨਲ ਦਿੱਲੀ ਨੂੰ ਖੰਨਾ ਸ਼ਹਿਰ ਦੇ ਗੰਦੇ ਪਾਣੀ ਕਾਰਨ ਫੈਲ ਰਹੀਆਂ ਬਿਮਾਰੀਆਂ, ਫ਼ਸਲਾਂ ਤੇ ਜੰਗਲਾਤ ਵਿਭਾਗ ਦੇ ਦਰੱਖ਼ਤਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਦੀ ਅਪੀਲ ਕੀਤੀ ਗਈ ਸੀ। ਇਸ ਮਗਰੋਂ ਕੌਮੀ ਗਰੀਨ ਟ੍ਰਿਬਿਊਨਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਹੁਕਮਾਂ ਦੀ ਤਾਮੀਲ ਕਰਦਿਆਂ ਡੀਸੀ ਲੁਧਿਆਣਾ ਨੇ ਇੱਕ ਕਮੇਟੀ ਦਾ ਗਠਨ ਕਰ ਕੇ ਐੱਸਡੀਐਮ ਪਾਇਲ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਸੀ, ਜਿਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪੜਤਾਲ ਮੰਗੀ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐੱਸਡੀਐਮ ਪਾਇਲ ਨੂੰ ਪੱਤਰ ਭੇਜ ਕੇ ਜਾਣੂ ਕਰਵਾਇਆ ਗਿਆ ਹੈ ਕਿ ਨਗਰ ਕੌਂਸਲ ਖੰਨਾ ਨੂੰ 2.82 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੋਡਲ ਅਫ਼ਸਰ ਨੇ ਕੌਮੀ ਗਰੀਨ ਟ੍ਰਿਬਿਊਨਲ ਨੂੰ ਭੇਜੀ ਗਈ ਰਿਪੋਰਟ ਵਿੱਚ ਦੱਸਿਆ ਸੀ ਕਿ ਨਗਰ ਕੌਂਸਲ ਖੰਨਾ ਨੇ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਜੋ ਟਰੀਟਮੈਂਟ ਪਲਾਂਟ ਲਗਾਇਆ ਸੀ ਉਸ ਦੀ ਮਨਜ਼ੂਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੋਂ ਨਹੀਂ ਲਈ ਗਈ ਅਤੇ ਜਰਗੜੀ ਸਾਈਫਨ ਵਿੱਚ ਪਾਇਆ ਜਾ ਰਿਹਾ ਦੂਸ਼ਿਤ ਪਾਣੀ ਬਿਮਾਰੀਆਂ ਫੈਲਾਉਣ ਦਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ ਫੀਡਰ ਨਹਿਰ ਥੱਲਿਓਂ ਜਾਣ ਵਾਲੀ ਡਰੇਨ ਵੀ ਗੰਦੇ ਪਾਣੀ ਕਾਰਨ ਜਾਮ ਹੋ ਗਈ ਹੈ। ਪਤਾ ਲੱਗਿਆ ਹੈ ਕਿ ਜੰਗਲਾਤ ਵਿਭਾਗ ਵੱਲੋਂ ਵੀ ਖੰਨਾ ਨਗਰ ਕੌਂਸਲ ਖ਼ਿਲਾਫ਼ ਅਦਾਲਤ ਵਿੱਚ ਫੌਜਦਾਰੀ ਕੇਸ ਕੀਤਾ ਗਿਆ ਹੈ।
ਉੱਧਰ, ਇਸ ਸਬੰਧੀ ਗੱਲ ਕਰਨ ’ਤੇ ਕਾਰਜਸਾਧਕ ਅਫਸਰ ਖੰਨਾ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਅਜਿਹਾ ਕੋਈ ਆਰਡਰ ਨਹੀਂ ਆਇਆ ਹੈ।