ਪੰਜਾਬ ਪੁਲੀਸ ਨੇ ਹਫ਼ਤੇ ’ਚ 24 ਕਿੱਲੋ ਹੈਰੋਇਨ ਤੇ 10 ਕਿੱਲੋ ਅਫੀਮ ਬਰਾਮਦ ਕੀਤੀ
ਟ੍ਰਿਬਿਊਨ ਨਿਊਜ ਸਰਵਿਸ
ਚੰਡੀਗੜ੍ਹ, 11 ਦਸੰਬਰ
ਪੰਜਾਬ ਪੁਲੀਸ ਦੇ ਆਈਜੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਐਕਟ ਤਹਿਤ 302 ਨਸ਼ਾ ਤਸਕਰਾਂ, ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰਕੇ ਕਮਰਸ਼ੀਅਲ ਮਾਤਰਾ ਦੀ ਐੱਫਆਈਆਰਜ਼ ਸਣੇ 221 ਐੱਫਆਈਆਰਜ਼ ਦਰਜ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 24.08 ਕਿੱਲੋ ਹੈਰੋਇਨ, 10 ਕਿੱਲੋ ਅਫੀਮ, 1.57 ਕੁਇੰਟਲ ਭੁੱਕੀ ਅਤੇ 1.05 ਲੱਖ ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ, ਸ਼ੀਸ਼ੀਆਂ ਦੇ ਨਾਲ-ਨਾਲ 20.72 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਦੌਰਾਨ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 13 ਵੱਡੇ ਸਮਾਗਮਾਂ ਸਣੇ ਘੱਟੋ-ਘੱਟ 175 ਜਾਗਰੂਕਤਾ ਸਮਾਗਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਰਣਨੀਤੀ ਤਹਿਤ ਮੁੱਖ ਮੰਤਰੀ ਵੱਲੋਂ ਕਮਿਸ਼ਨਰਾਂ, ਐੱਸਐੱਸਪੀਜ਼ ਅਤੇ ਹੋਰ ਫੀਲਡ ਅਧਿਕਾਰੀਆਂ ਨੂੰ ਆਪਣੇ ਤਬਾਦਲਿਆਂ ਮੌਕੇ ਆਪਣੇ ਅਧੀਨ ਅਮਲੇ ਨੂੰ ਆਪਣੀ ਤਾਇਨਾਤੀ ਦੇ ਨਵੇਂ ਸਥਾਨ ’ਤੇ ਲੈ ਕੇ ਜਾਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਵੱਲੋਂ 130 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ ਫਿਰੌਤੀ ਦੀਆਂ ਕਾਲਾਂ ਵਿੱਚ ਸ਼ਾਮਲ 117 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਐੱਨਡੀਪੀਐੱਸ ਕੇਸਾਂ ਵਿੱਚ 10 ਹੋਰ ਭਗੌੜਿਆਂ ਦੀ ਗ੍ਰਿਫਤਾਰੀ ਨਾਲ, 5 ਜੁਲਾਈ 2022 ਤੋਂ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਹੁਣ ਤੱਕ 1186 ਤੱਕ ਪਹੁੰਚ ਗਈ ਹੈ।
ਬੀਐੱਸਐੱਫ ਨੇ 95 ਡਰੋਨ, 755 ਕਿੱਲੋ ਨਸ਼ੀਲੇ ਪਦਾਰਥ, 15 ਰਾਈਫਲਾਂ ਤੇ 38 ਪਿਸਤੌਲਾਂ ਬਰਾਮਦ ਕੀਤੀਆਂ
ਚੰਡੀਗੜ੍ਹ (ਟ.ਨ.ਸ.): ਬੀਐੱਸਐੱਫ ਨੇ ਮੌਜੂਦਾ ਵਰ੍ਹੇ 2023 ਵਿੱਚ ਹੁਣ ਤੱਕ ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰ ਤਸਕਰੀ ਕਰਨ ਵਾਲੇ 95 ਡਰੋਨ ਬਰਾਮਦ ਕੀਤੇ ਹਨ। ਇਹ ਜਾਣਕਾਰੀ ਬੀਐੱਸਐੱਫ ਪੱਛਮੀ ਕਮਾਂਡ ਦੇ ਵਿਸ਼ੇਸ਼ ਡੀਜੀ ਯੋਗੇਸ਼ ਬਹਾਦਰ ਖੁਰਾਨੀਆ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਹੈ। ਇਹ ਡਰੋਨ ਜ਼ਿਆਦਾਤਰ ਪੰਜਾਬ ਦੀ ਸਰਹੱਦ ਤੋਂ ਬਰਾਮਦ ਕੀਤੇ ਗਏ ਹਨ। ਬੀਐੱਸਐੱਫ ਦੇ ਵਿਸ਼ੇਸ਼ ਡੀਜੀ ਨੇ ਕਿਹਾ ਕਿ ਬੀਐੱਸਐੱਫ ਨੇ ਮੌਜੂਦਾ ਵਰ੍ਹੇ ਵਿੱਚ ਸਰਹੱਦ ਤੋਂ 755 ਕਿੱਲੋਗ੍ਰਾਮ ਨਸ਼ੀਲੇ ਪਦਾਰਥ, 15 ਰਾਈਫਲਾਂ, 38 ਪਿਸਤੌਲਾਂ ਤੇ 38 ਪਾਕਿਸਤਾਨੀ ਲੋਕਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿ ਸਰਹੱਦ ਪਾਰ ਤੋਂ ਪਹਿਲਾਂ ਵੱਡੇ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਵਿੱਚ ਚਾਰ ਤੋਂ ਪੰਜ ਕਿੱਲੋ ਭਾਰ ਚੁੱਕਿਆ ਜਾ ਸਕੇ। ਹੁਣ ਛੋਟੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਉਸ ਨਾਲ ਸਿਰਫ਼ 400 ਤੋਂ 500 ਗ੍ਰਾਮ ਭਾਰ ਹੀ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਛੋਟਾ ਡਰੋਨ ਸਸਤਾ ਹੁੰਦਾ ਹੈ ਅਤੇ ਇਸ ਨੂੰ ਟਰੈਕ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਪਰ ਬੀਐੱਸਐੱਫ ਵੱਲੋਂ ਛੋਟੇ ਡਰੋਨ ਨੂੰ ਟਰੈਕ ਕਰਨ ਲਈ ਤਕਨੀਕ ਤਿਆਰ ਕੀਤੀ ਜਾ ਰਹੀ ਹੈ।