ਪੰਜਾਬ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ 7686 ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
ਪੰਜਾਬ ਪੁਲੀਸ ਨੇ ਪਿਛਲੇ 10 ਮਹੀਨਿਆਂ ਦੌਰਾਨ ਸੂਬੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ 7686 ਕੇਸ ਦਰਜ ਕਰ ਕੇ 10,524 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾ ਕੇ ਸੂਬੇ ਭਰ ’ਚੋਂ 790 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 860 ਕਿੱਲੋ ਅਫੀਮ, 367 ਕੁਇੰਟਲ ਭੁੱਕੀ, 93 ਕਿੱਲੋ ਚਰਸ, 724 ਕਿੱਲੋ ਗਾਂਜਾ, 19 ਕਿੱਲੋ ਆਈਸੀਈ ਅਤੇ 2.90 ਕਰੋੜ ਗੋਲੀਆਂ, ਕੈਪਸੂਲ, ਟੀਕੇ, ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਨੇ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 13.62 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਪਹਿਲੀ ਜਨਵਰੀ ਤੋਂ ਹੁਣ ਤੱਕ 362 ਵੱਡੇ ਤਸਕਰਾਂ ਦੀਆਂ 208 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦਕਿ 289 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ 470 ਕੇਸ ਮਨਜ਼ੂਰੀ ਲਈ ਸਮਰੱਥ ਅਥਾਰਿਟੀ ਕੋਲ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਐੱਨਡੀਪੀਐੱਸ ਦੇ ਕੇਸਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ 10 ਮਹੀਨਿਆਂ ਵਿੱਚ 731 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਿੰਡਾਂ ਤੇ ਮੁਹੱਲਿਆਂ ’ਚ ਚੌਕਸੀ ਵਧਾਈ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸੂਹ ਦੇ ਆਧਾਰ ’ਤੇ ਨਾਕੇ ਲਗਾ ਕੇ ਨਸ਼ਾਂ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲੀਸ ਨੇ ਪਿੰਡਾਂ ਤੇ ਮੁਹੱਲਿਆਂ ਸਣੇ ਵਿਕਰੀ ਵਾਲੇ ਸਥਾਨਾਂ ’ਤੇ ਚੌਕਸੀ ਵਧਾਈ ਹੈ ਤਾਂ ਜੋ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਵਿੱਚ ਆਮ ਲੋਕ ਵੀ ਵਧ-ਚੜ੍ਹ ਕੇ ਪੁਲੀਸ ਦੀ ਮਦਦ ਕਰ ਰਹੇ ਹਨ।