ਪੰਜਾਬ ਪੁਲੀਸ ਵੱਲੋਂ 6.65 ਕਿਲੋ ਹੈਰੋਇਨ ਬਰਾਮਦ, 2 ਗ੍ਰਿਫ਼ਤਾਰ
ਫਿਰੋਜ਼ਪੁਰ, 8 ਅਗਸਤ
ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦਿਆਂ 6.65 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਕੀਮਤ ਕਰੀਬ 6 ਲੱਖ ਰੁਪਏ ਹੈ। ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਾਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ (ਸੀਆਈਏ) ਦੀ ਟੀਮ ਨੇ ਸਰਹੱਦ ਦੇ ਨੇੜਿਓਂ ਜ਼ਬਤੀ ਕਰਨ ਵਿਚ ਕਾਮਯਾਬੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਡਰੱਗ ਡੀਲਰਾਂ ਦੇ ਖ਼ਿਲਾਫ ਐਫ਼ਆਈਆਰ ਦਰਜ ਕਰਨ ਉਪਰੰਤ ਪੁਲੀਸ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਬਾਰੇ ਜਾਂਚ ਕਰ ਰਹੀ ਹੈ। ਯਾਦਵ ਨੇ ਕਿਹਾ ਕਿ ਪੰਜਾਬ ਪੁਲੀਸ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਨੈਟਵਰਕ ਨੂੰ ਖਤਮ ਕਰਨ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
ਬੀਤੇ ਦਿਨ ਪੁਲੀਸ ਵੱਲੋਂ 'ਆਪ੍ਰੇਸ਼ਨ ਈਗਲ ਵੀ' ਦੇ ਨਾਮ ਹੇਠ ਖੋਜ ਮੁਹਿੰਮ ਚਲਾਈ ਸੀ, ਜਿਸ ਤਹਿਤ ਪੰਜਾਬ ਵਿੱਚ 512 ਡਰੱਗ ਹੌਟਸਪੌਟਸ ਥਾਵਾਂ ਦਾ ਨਿਰੀਖਣ ਕੀਤਾ ਅਤੇ ਇਸ ਦੌਰਾਨ 82 ਸ਼ੱਕੀ ਵਿਅਕਤੀਆਂ ਨੂੰ ਫੜਿਆ ਅਤੇ 61 ਐਫਆਈਆਰ ਦਰਜ ਕੀਤੀਆਂ ਗਈਆਂ। ਇਸ ਕਾਰਵਾਈ ਦੌਰਾਨ 270 ਗ੍ਰਾਮ ਹੈਰੋਇਨ, 15210 ਰੁਪਏ ਦੀ ਡਰੱਗ ਮਨੀ, 1868 ਨਸ਼ੀਲੀਆਂ ਗੋਲੀਆਂ, 74 ਕਿਲੋ ਭੁੱਕੀ, 2 ਕਿਲੋ ਗਾਂਜਾ, ਭਾਰੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਸੀ। -ਏਐੱਨਆਈ