ਪੰਜਾਬ ਪੁਲੀਸ ਵੱਲੋਂ ਪੁਲੀਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਪੰਜਾਬੀ ਟ੍ਰਿਬਿਊੁਨ ਵੈੱਬ ਡੈਸਕ
ਚੰਡੀਗੜ੍ਹ, 21 ਅਕਤੂਬਰ
Police Commemoration Day: ਪੰਜਾਬ ਪੁਲੀਸ ਨੇ ਸੋਮਵਾਰ ਨੂੰ ‘ਪੁਲੀਸ ਯਾਦਗਾਰੀ ਦਿਵਸ ਮੌਕੇ ਜਲੰਧਰ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਪੁਲੀਸ ਨਾਲ ਸਬੰਧਤ ਸ਼ਹੀਦਾਂ ਨੂੰ ਸ਼ਰਧਾਂਲੀਆਂ ਭੇਟ ਕੀਤੀਆਂ। ਪੁਲੀਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਡੀਜੀਪੀ ਪੰਜਾਬ ਦੇ ਖ਼ਾਤੇ ਤੋਂ ਕੀਤੀ ਇਕ ਪੋਸਟ ਵਿਚ ਦਿੱਤੀ ਹੈ।
ਇਸ ਮੌਕੇ ਪੁਲੀਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਤੇ ਕਰਮਚਾਰੀ, ਸ਼ਹੀਦਾਂ ਦੇ ਪਰਿਵਾਰ ਅਤੇ ਆਮ ਲੋਕ ਹਾਜ਼ਰ ਸਨ। ਇਸ ਸਬੰਧੀ ਕੀਤੀ ਗਈ ਟਵੀਟ ਵਿਚ ਕਿਹਾ ਗਿਆ ਹੈ, ‘‘ਅਸੀਂ ਬਹਾਦਰ ਪੁਲੀਸ ਸ਼ਹੀਦਾਂ ਦੇ ਸਨਮਾਨ ਵਿਚ ਆਪਣਾ ਸਿਰ ਝੁਕਾਉਂਦੇ ਹਾਂ, ਸਾਡੇ ਉਹ ਭਰਾ ਅਤੇ ਭੈਣਾਂ, ਜਿਨ੍ਹਾਂ ਨੇ ਖ਼ਤਰੇ ਦਾ ਹਿੱਕਾਂ ਤਾਣ ਕੇ ਸਾਹਮਣਾ ਕੀਤਾ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਫਰਜ਼ ਨਿਭਾਉਂਦਿਆਂ ਸਿਖਰਲੀ ਕੁਰਬਾਨੀ ਦੇ ਦਿੱਤੀ।’’
ਇਸ ਵਿਚ ਕਿਹਾ ਗਿਆ ਹੈ, ‘‘ਅਸੀਂ, ਬਤੌਰ ਇਕ ਫ਼ੋਰਸ, ਉਨ੍ਹਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਉਨ੍ਹਾਂ ਦੀ ਬਹਾਦਰੀ ਸਾਡੀ ਵਚਨਬੱਧਤਾ ਨੂੰ ਹੁਲਾਰਾ ਦਿੰਦੀ ਹੈ ਅਤੇ ਸਾਨੂੰ ਚੇਤੇ ਕਰਾਉਂਦੀ ਹੈ ਕਿ ਜਦੋਂ ਗੱਲ ਸਾਡੇ ਲੋਕਾਂ ਦੀ ਸੁਰੱਖਿਆ ਦੀ ਹੁੰਦੀ ਹੈ ਤਾਂ ਸਾਡੇ ਲਈ ਕੋਈ ਵੀ ਚੁਣੌਤੀ ਬਹੁਤ ਵੱਡੀ ਨਹੀਂ ਹੋ ਸਕਦੀ।’’
ਇਸ ਵਿਚ ਹੋਰ ਕਿਹਾ ਗਿਆ ਹੈ, ‘‘ਸਾਨੂੰ ਭਾਰਤ ਦੇ ਸਾਰੇ ਪੁਲੀਸ ਅਧਿਕਾਰੀਆਂ ਨੂੰ ਇਨ੍ਹਾਂ ਵਰਦੀਧਾਰੀ ਨਾਇਕਾਂ ਦੀ ਕੁਰਬਾਨੀ ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਇਕ ਫ਼ੋਰਸ ਤੋਂ ਵਧ ਕੇ ਹੋਰ ਵੀ ਬਹੁਤ ਕੁਝ ਹਾਂ - ਅਸੀਂ ਪਰਿਵਾਰ ਹਾਂ ਅਤੇ ਅਸੀਂ ਹਰ ਰੋਜ਼ ਉਨ੍ਹਾਂ ਦੀ ਇਹ ਭਾਵਨਾ ਆਪਣੇ ਨਾਲ ਲਿਜਾਂਦੇ ਹਾਂ।... ਸ਼ਹੀਦ ਪਰਿਵਾਰਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਹੈ ਅਤੇ ਪੰਜਾਬ ਪੁਲੀਸ ਉਨ੍ਹਾਂ ਲਈ ਸੌ ਫ਼ੀਸਦੀ ਵਚਨਬੱਧ ਹੈ।’’