ਪੰਜਾਬ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ
ਪੱਤਰ ਪ੍ਰੇਰਕ
ਤਲਵੰਡੀ ਸਾਬੋ, 28 ਜੂਨ
ਇੱਥੇ ਡੀਐੱਸਪੀ ਤਲਵੰਡੀ ਸਾਬੋ ਦੀ ਅਗਵਾਈ ਹੇਠ ਕਈ ਥਾਣਿਆਂ ਦੀ ਪੁਲੀਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਵਿੱਢਦਿਆਂ ਅੱਜ ਸਵੇਰ ਤੋਂ ਇਲਾਕੇ ਅੰਦਰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਨੇ ਜਿੱਥੇ ਕੁਝ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਉਥੇ ਪਹਿਲਾਂ ਤੋਂ ਦਰਜ ਮਾਮਲਿਆਂ ‘ਚ ਨਾਮਜ਼ਦ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਾਣਕਾਰੀ ਅਨੁਸਾਰ ਸਵੇਰ ਤੋਂ ਡੀਐੱਸਪੀ ਬੂਟਾ ਸਿੰਘ ਗਿੱਲ ਦੀ ਅਗਵਾਈ ਹੇਠ ਭਾਰੀ ਗਿਣਤੀ ‘ਚ ਪੁਲੀਸ ਫੋਰਸ ਨੇ ਤਲਵੰਡੀ ਸਾਬੋ ਨਗਰ ਅਤੇ ਨੇੜਲੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਆਰੰਭੀ ਅਤੇ ਕੁਝ ਸ਼ੱਕੀ ਵਾਹਨਾਂ ਦੀ ਜਾਂਚ ਪੜਤਾਲ ਕੀਤੀ। ਪੁਲੀਸ ਦਸਤੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਵੀ ਸ਼ਾਮਲ ਸਨ। ਪੁਲੀਸ ਅਧਿਕਾਰੀਆਂ ਨੇ ਇਸ ਮੁਹਿੰਮ ਦੌਰਾਨ ਪਿੰਡਾਂ ਦੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਆਪੋ-ਆਪਣੇ ਮੁਹੱਲਿਆਂ, ਗਲੀਆਂ ‘ਚ ਵਿਕਦੇ ਨਸ਼ਿਆਂ ਸਬੰਧੀ ਪੁਲੀਸ ਨੂੰ ਬੇਖੌਫ ਹੋ ਕੇ ਜਾਣਕਾਰੀ ਦੇਣ ਤੇ ਉਨ੍ਹਾਂ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਤਲਵੰਡੀ ਸਾਬੋ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਤੇ ਸਮਾਜ ਸੇਵੀ ਕਲੱਬਾਂ ਦੀ ਮਦਦ ਨਾਲ ਇੱਕ ਲੋਕ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁਹਿੰਮ ਦੀ ਸਮਾਪਤੀ ‘ਤੇ ਥਾਣਾ ਤਲਵੰਡੀ ਸਾਬੋ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਦੀ ਮੁਹਿੰਮ ‘ਚ ਤਲਾਸ਼ੀ ਅਭਿਆਨ ਦੌਰਾਨ ਨੇੜਲੇ ਪਿੰਡ ਮਾਹੀਨੰਗਲ ‘ਚੋਂ ਕੁਲਵਿੰਦਰ ਕੌਰ ਨਾਮੀ ਇੱਕ ਔਰਤ ਤੋਂ 2 ਕਿੱਲੋ ਭੁੱਕੀ ਅਤੇ ਸਰਦੂਲ ਸਿੰਘ ਨਾਮੀ ਵਿਅਕਤੀ ਤੋਂ 20 ਕਿੱਲੋ ਲਾਹਣ ਬਰਾਮਦ ਹੋਇਆ ਹੈ। ਥਾਣਾ ਮੁਖੀ ਅਨੁਸਾਰ 6 ਵਿਅਕਤੀਆਂ ਦੇ 110 ਦੇ ਕਲੰਦਰੇ ਭਰੇ ਗਏ ਹਨ।