ਪੰਜਾਬ ਪੁਲੀਸ ਨੂੰ ਕੈਨੇਡਾ ਤੋਂ ਅਰਸ਼ ਡੱਲਾ ਦੀ ਹਵਾਲਗੀ ਦੀ ਆਸ ਨਹੀਂ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਨਵੰਬਰ
ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਗਰੋਂ ਕੈਨੇਡਾ ਅਤੇ ਭਾਰਤ ਦੇ ਕੂਟਨੀਤਕ ਸਬੰਧਾਂ ’ਚ ਆਈ ਤਲਖੀ ਕਾਰਨ ਪੰਜਾਬ ਪੁਲੀਸ ਨੂੰ ਕੈਨੇਡਾ ਸਰਕਾਰ ਤੋਂ ਸ਼ੂਟ ਆਊਟ ਕੇਸ ’ਚ ਗ੍ਰਿਫ਼ਤਾਰ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੀ ਹਵਾਲਗੀ ਦੀ ਉਮੀਦ ਨਹੀਂ ਹੈ। ਐੱਸਐੱਸਪੀ ਅਜੈ ਗਾਂਧੀ ਨੇ ਕਿਹਾ ਕਿ ਅਰਸ਼ ਡੱਲਾ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਕੈਨੇਡਾ ਪੁਲੀਸ ਵੱਲੋਂ ਅਰਸ਼ ਡੱਲਾ ਦੀ ਸ਼ੂਟਆਊਟ ਕੇਸ ’ਚ ਗ੍ਰਿਫ਼ਤਾਰੀ ਮਗਰੋਂ ਸਥਾਨਕ ਪੁਲੀਸ ਉਸਦਾ ਅਪਰਾਧਿਕ ਰਿਕਾਰਡ ਇਕੱਠਾ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨਾਲ ਸੰਪਰਕ ਕਰ ਕੇ ਭਗੌੜਾ ਐਲਾਨੇ ਗੈਂਗਸਟਰ ਗੋਲਡੀ ਬਰਾੜ ਦੀ ਹਵਾਲਗੀ ਲਈ ਕਈ ਮੀਟਿੰਗਾਂ ਕੀਤੀਆਂ ਸਨ ਪਰ ਕੈਨੇਡਾ ਸਰਕਾਰ ਹਵਾਲਗੀ ਤੋਂ ਕਥਿਤ ਟਾਲ-ਮਟੋਲ ਕਰਦੀ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਤਲਖੀ ਭਰੇ ਮਾਹੌਲ ਵਿੱਚ ਗੈਂਗਸਟਰ ਅਰਸ਼ ਡੱਲਾ ਦੀ ਹਵਾਲਗੀ ਦੀ ਉਮੀਦ ਨਹੀਂ। ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਮੁਤਾਬਕ ਗੈਂਗਸਟਰ ਅਰਸ਼ ਡੱਲਾ ਦਾ ਭਰਾ ਵੀ ਭਗੌੜਾ ਹੈ, ਜੋ ਆਸਟਰੇਲੀਆ ਵਿੱਚ ਹੈ। ਪਿਤਾ ਚਰਨਜੀਤ ਸਿੰਘ ਸੰਗਰੂਰ ਜੇਲ੍ਹ ’ਚ ਤੇ ਮਾਂ ਕੈਨੇਡਾ ਵਿੱਚ ਹੈ। ਕੌਮੀ ਜਾਂਚ ਏਜੰਸੀ ਐੱਨਆਈਏ ਵੱਲੋਂ ਉਨ੍ਹਾਂ ਦਾ ਘਰ ਸੀਲ ਕੀਤਾ ਗਿਆ ਹੈ।
ਕੈਨੇਡਾ ਤੋਂ ਆਪਣਾ ਨੈੱਟਵਰਕ ਚਲਾ ਰਿਹਾ ਸੀ ਅਰਸ਼ ਡੱਲਾ
ਪੁਲੀਸ ਮੁਤਾਬਕ ਸਾਲ 2018 ’ਚ ਗੈਂਗਸਟਰ ਅਰਸ਼ ਡੱਲਾ ਨੇ ਆਈਲੈੱਟਸ ਪਾਸ ਲੜਕੀ ਨਾਲ ਵਿਆਹ ਕੀਤਾ ਤੇ ਸਾਲ 2019 ’ਚ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚਣ ਤੋਂ ਕਰੀਬ ਸਾਲ ਬਾਅਦ ਕੁਝ ਦਿਨਾਂ ਲਈ ਭਾਰਤ ਗਿਆ ਤੇ ਗੈਂਗਸਟਰ ਸੁੱਖੇ ਲੰਮੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਨਹਿਰ ’ਚ ਰੋੜ੍ਹ ਦਿੱਤਾ। ਕਰੀਬ ਸਾਲ ਤੱਕ ਉਹ ਸੁੱਖਾ ਲੰਮੇ ਦੇ ਸੋਸ਼ਲ ਮੀਡੀਆ ਰਾਹੀਂ ਫਿਰੌਤੀ ਆਦਿ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ। ਮਈ 2021 ’ਚ ਇਸ ਹੱਤਿਆ ਦਾ ਭੇਤ ਖੁੱਲ੍ਹਣ ਮਗਰੋਂ ਉਸ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸਾਲ 2022 ਵਿੱਚ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਪਰ ਉਹ ਪਹਿਲਾਂ ਕੈਨੇਡਾ ਪਹੁੰਚ ਗਿਆ ਅਤੇ ਹੁਣ ਤੱਕ ਉੱਥੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਸੀ।