ਚੰਗੇ ਗੁਆਂਢ ਵਾਲੇ ‘ਫਰਜ਼’ ਸਰਗਰਮੀ ਨਾਲ ਨਿਭਾ ਰਹੀ ਹੈ ਪੰਜਾਬ ਪੁਲੀਸ
ਇਕਬਾਲ ਸਿੰਘ ਸ਼ਾਂਤ
ਲੰਬੀ, 24 ਨਵੰਬਰ
ਰਾਜਸਥਾਨ ਵਿਧਾਨਸਭਾ ਚੋਣਾਂ ਦੇ ਕੱਲ੍ਹ ਹੋਣ ਵਾਲੇ ਅਮਲ ਵਿੱਚ ਚੰਗੇ ਗੁਆਂਢ ਵਾਲਾ ਰਿਸ਼ਤਾ ਨਿਭਾਉਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਖਾਸੀ ਸਰਗਰਮੀ ਵਿਖਾ ਰਹੀ ਹੈ। ਜ਼ਿਲ੍ਹਾ ਪੁਲੀਸ ਨੇ ਲੰਬੀ ਹਲਕੇ ਦੀਆਂ ਰਾਜਸਥਾਨ ਨਾਲ ਲੱਗਦੀਆਂ ਹੱਦਾਂ ਪੂਰੀ ਤਰ੍ਹਾਂ ਸੀਲ ਕਰ ਦਿੱਤੀਆਂ ਹਨ। ਸੂਬਾਈ ਹੱਦਾਂ ’ਤੇ 6 ਨਾਕੇ ਲਗਾਏ ਗਏ ਹਨ। ਪੁਖਤਾ ਸੁਰੱਖਿਆ ਵਿਵਸਥਾ ਲਈ ਲਈ ਨਾਕਿਆਂ’ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਬਕਾਇਦਾ ਆਬਕਾਰੀ ਵਿਭਾਗ ਅਮਲਾ ਤਾਇਨਾਤ ਕੀਤਾ ਗਿਆ ਹੈ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲੀਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਅੱਜ ਰਾਜਸਥਾਨੀ ਹੱਦਾਂ ’ਤੇ ਲਗਾਏ ਨਾਕਿਆਂ ਦੀ ਅਚਨਚੇਤ ਜਾਂਚ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਚੋਣ ਅਮਲ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਹੱਦਾਂ ’ਤੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ’ਤੇ ਬਾਜ ਨਜ਼ਰ ਰੱਖੀ ਜਾ ਰਹੀ ਹੈ। ਨਾਜਾਇਜ਼ ਸਰਾਬ, ਨਸ਼ਾ ਤਸਕਰੀ ਆਦਿ ਨੂੰ ਰੋਕਣ ਲਈ ਵਹੀਕਲਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਦਾ ਰਾਜਸਥਾਨ ਪੁਲੀਸ ਨਾਲ ਲਗਾਤਾਰ ਤਾਲਮੇਲ ਹੈ। ਹਰੇਕ ਗੀਤਵਿਧੀ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਕਿਆਂ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਲੰਬੀ ਦੇ ਡੀਐੱਸਪੀ ਜਸਪਾਲ ਸਿੰਘ, ਥਾਣਾ ਕਿੱਲਿਆਂਵਾਲੀ ਦੇ ਮੁਖੀ ਮਨਿੰਦਰ ਸਿੰਘ ਅਤੇ ਆਬਕਾਰੀ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਨਿਰਮਲ ਸਿੰਘ ਮੌਜੂਦ ਸਨ।