ਪੰਜਾਬ ਪੁਲੀਸ ਵੱਲੋਂ ਸੂਬੇ ਭਰ ਦੇ ਬੱਸ ਅੱਡਿਆਂ ’ਤੇ ਤਲਾਸ਼ੀ ਮੁਹਿੰਮ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜਨਵਰੀ
ਪੰਜਾਬ ਪੁਲੀਸ ਨੇ ਸੂਬੇ ਵਿੱਚ ਲੋਹੜੀ ਮੌਕੇ ਜ਼ਸ਼ਨਾਂ ਨੂੰ ਸ਼ਾਂਤਮਈ ਯਕੀਨੀ ਬਣਾਉਣ ਲਈ ਅੱਜ ਸੂਬੇ ਭਰ ਦੇ ਸਾਰੇ ਬੱਸ ਅੱਡਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਤਲਾਸ਼ੀ ਮੁਹਿੰਮ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੂਬੇ ਦੇ ਸਾਰੇ 28 ਪੁਲੀਸ ਜ਼ਿਲ੍ਹਿਆਂ ਵਿੱਚ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ ਚਲਾਈ ਗਈ। ਇਸ ਬਾਰੇ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ 249 ਬੱਸ ਅੱਡਿਆਂ ’ਤੇ ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ। ਸ੍ਰੀ ਸ਼ੁਕਲਾ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਸੂਬੇ ਭਰ ਵਿੱਚ 3514 ਵਿਅਕਤੀਆਂ ਦੀ ਤਲਾਸ਼ੀ ਲਈ ਗਈ। ਪੁਲੀਸ ਨੇ ਪੁੱਛਗਿੱਛ ਲਈ 77 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਸ ਦੌਰਾਨ ਪੁਲੀਸ ਨੇ 950 ਗ੍ਰਾਮ ਭੁੱਕੀ, ਨਾਜਾਇਜ਼ ਸ਼ਰਾਬ ਦੀਆਂ 70 ਬੋਤਲਾਂ ਅਤੇ 120 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਨੇ ਤਿੰਨ ਅਪਰਾਧਿਕ ਕੇਸ ਵੀ ਦਰਜ ਕੀਤੇ ਹਨ। ਇਸ ਤੋਂ ਇਲਾਵਾ ਪੁਲੀਸ ਨੇ ਬੱਸ ਅੱਡਿਆਂ ਨੇੜੇ ਖੜ੍ਹੇ ਵਾਹਨਾਂ ਦੀ ਵੀ ਜਾਂਚ ਕੀਤੀ। ਪੁਲੀਸ ਨੇ ਚੈਕਿੰਗ ਮੁਹਿੰਮ ਦੌਰਾਨ 318 ਵਾਹਨਾਂ ਦੇ ਚਲਾਨ ਕੀਤੇ ਅਤੇ 17 ਵਾਹਨ ਜ਼ਬਤ ਕੀਤੇ। ਇਸ ਦੌਰਾਨ ਸੂਬੇ ਭਰ ਵਿੱਚ 3500 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀਆਂ 493 ਪੁਲੀਸ ਪਾਰਟੀਆਂ ਬਣਾਈਆਂ ਗਈਆਂ ਸਨ। ਸ੍ਰੀ ਸ਼ੁਕਲਾ ਨੇ ਕਿਹਾ ਕਿ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਪੁਲੀਸ ਨੇ ਆਮ ਲੋਕਾਂ ਨੂੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜੇ ਕਿਸੇ ਦੇ ਆਲੇ-ਦੁਆਲੇ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ।