ਪੰਜਾਬ ‘ਆਊਟ’: ਨੰਗਲ ਡੈਮ ਦੇ ਗੇਟ ਕਿਸੇ ਵੇਲੇ ਵੀ ਖੁੱਲ੍ਹਣੇ ਸੰਭਵ!
ਚਰਨਜੀਤ ਭੁੱਲਰ
ਚੰਡੀਗੜ੍ਹ, 11 ਮਈ
BBMB water row ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਲਈ ਇਨਡੈਂਟ ਦੇ ਦਿੱਤਾ ਹੈ ਅਤੇ ਹੁਣ ਨੰਗਲ ਡੈਮ ਤੋਂ ਗੇਟ ਖੋਲ੍ਹੇ ਜਾਣੇ ਬਾਕੀ ਹਨ। ਬੀਬੀਐੱਮਬੀ ਨੇ ਸਮੁੱਚੀ ਤਸਵੀਰ ’ਚੋਂ ਪੰਜਾਬ ਨੂੰ ਪੂਰੀ ਤਰ੍ਹਾਂ ਆਊਟ ਕਰ ਦਿੱਤਾ ਹੈ। ਹਰਿਆਣਾ ਦੇ ਐਕਸੀਅਨ ਨੇ 4500 ਕਿਊਸਿਕ ਵਾਧੂ ਪਾਣੀ ਦੇਣ ਲਈ ਇਨਡੈਂਟ ਬੀਬੀਐੱਮਬੀ ਦੇ ਨਵੇਂ ਲਾਏ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ (ਜੋ ਹਰਿਆਣਾ ਦੇ ਹਨ) ਨੂੰ ਦੇ ਦਿੱਤਾ ਹੈ। ਬੀਬੀਐੱਮਬੀ ਨੇ ਪੰਜਾਬ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਲਾਂਭੇ ਕਰ ਦਿੱਤਾ ਹੈ।
ਨੰਗਲ ਡੈਮ ਦੇ ਗੇਟ ਖੋਲ੍ਹਣ ਦੀ ਜ਼ਿੰਮੇਵਾਰੀ ਹੁਣ ਹਿਮਾਚਲ ਪ੍ਰਦੇਸ਼ ਦੇ ਐਕਸੀਅਨ ਕੋਲ ਹੈ। ਨੰਗਲ ਡੈਮ ਤੋਂ ਵਾਧੂ ਪਾਣੀ ਛੱਡਣ ਲਈ ਤਕਨੀਕੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਹੁਣ ਕਿਸੇ ਵੇਲੇ ਵੀ ਡੈਮ ਦੇ ਗੇਟ ਖੁੱਲ੍ਹਣੇ ਸੰਭਵ ਹਨ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਥੋੜ੍ਹੀ ਦੇਰ ’ਚ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ’ਤੇ ਪੁੱਜ ਰਹੇ ਹਨ ਜਦੋਂ ਕਿ ਇਸ ਵੇਲੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ‘ਆਪ’ ਵਰਕਰਾਂ ਨੇ ਡੈਮ ’ਤੇ ਧਰਨਾ ਲਗਾ ਦਿੱਤਾ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਅਦਾਲਤੀ ਮਾਣਹਾਨੀ ਦੇ ਮਾਮਲੇ ’ਚ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਦੇ ਕੇ ਨੰਗਲ ਡੈਮ ਦੇ ਗੇਟ ਖੋਲ੍ਹਣ ਵਿੱਚ ਅੜਿੱਕਾ ਬਣਨ ਵਾਲੇ ਅਧਿਕਾਰੀਆਂ ਦੇ ਨਾਮ ਦੱਸਣ ਲਈ ਆਖਿਆ ਹੈ। ਹੁਣ ਮਾਮਲਾ ਸਿਆਸੀ ਰੰਗਤ ਲੈ ਗਿਆ ਹੈ।