Punjab News: ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਔਰਤ ਤੋਂ 6 ਲੱਖ ਰੁਪਏ ਤੇ ਜ਼ਰੂਰੀ ਦਸਤਾਵੇਜ਼ਾਂ ਵਾਲਾ ਪਰਸ ਖੋਹਿਆ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 15 ਜਨਵਰੀ
Punjab News: ਇਥੋਂ ਦੇ ਮੁੱਖ ਬੱਸ ਸਟੈਂਡ ਦੇ ਬਾਹਰ ਬੁੱਧਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਇੱਕ ਔਰਤ ਤੋਂ ਉਸ ਦਾ ਪਰਸ ਖੋਹ ਲਿਆ, ਜਿਸ ਵਿਚ 6 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਹੋਰ ਦਸਤਾਵੇਜ਼ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕੋਟਕਪੂਰਾ ਦੀ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾਮੁਕਤ ਮੈਨੇਜਰ ਵਿਜੇ ਅਰੋੜਾ ਆਪਣੀ ਪਤਨੀ ਨਾਲ ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਦਵਾਈ ਲੈਣ ਚੱਲੇ ਸਨ। ਬਾਅਦ ਵਿੱਚ ਉਨ੍ਹਾਂ ਪਟਿਆਲਾ ਵਿੱਚ ਮਕਾਨ ਦੀ ਰਜਿਸਟਰੀ ਵੀ ਕਰਵਾਉਣੀ ਸੀ। ਉਥੇ ਜਾਣ ਲਈ ਉਹ ਸਵੇਰੇ ਕੋਟਕਪੂਰਾ ਦੇ ਬੱਸ ਸਟੈਂਡ ਪਹੁੰਚੇ।
ਵਿਜੇ ਅਰੋੜਾ ਆਪਣੀ ਪਤਨੀ ਨੂੰ ਬੱਸ ਸਟੈਂਡ ਦੇ ਬਾਹਰ ਛੱਡ ਕੇ ਸਕੂਟਰ ਪਾਰਕ ਕਰਨ ਚਲਾ ਗਿਆ। ਇਸੇ ਦੌਰਾਨ ਸ਼ਹਿਰ ਵਾਲੇ ਪਾਸੇ ਤੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਹ ਪੈਸਿਆਂ ਵਾਲਾ ਪਰਸ ਖੋਹ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲੀਸ ਬੱਸ ਸਟੈਂਡ ਸਮੇਤ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।