Punjab News - Youth Commits Suicide: ਵਿਦੇਸ਼ ਭੇਜੀ ਪਤਨੀ ਦੇ ‘ਧੋਖੇ’ ਕਾਰਨ ਨੌਜਵਾਨ ਵੱਲੋਂ ਖ਼ੁਦਕੁਸ਼ੀ
ਰਵਨੀਤ ਸਿੰਘ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਆਸਟਰੇਲੀਆ; ਸੰਪਰਕ ਟੁੱਟਣ ਤੋਂ ਬਾਅਦ ਹੋਇਆ ਮਾਨਸਿਕ ਤਣਾਅ ਕਾਰਨ ਕੀਤੀ ਖੁਦਕੁਸ਼ੀ
ਮਨੋਜ ਸ਼ਰਮਾ
ਬਠਿੰਡਾ, 30 ਮਈ
ਸ਼ਹਿਰ ਦੀ ਸ਼ਕਤੀ ਵਿਹਾਰ ਕਾਲੋਨੀ 'ਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਿਚ ਇੱਕ 32 ਸਾਲਾ ਨੌਜਵਾਨ ਨੇ ਮਾਨਸਿਕ ਤਣਾਅ ਕਾਰਨ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਰਵਨੀਤ ਸਿੰਘ ਪੁੱਤਰ ਅਮਰ ਸਿੰਘ ਵਜੋਂ ਹੋਈ ਹੈ।
ਪਰਿਵਾਰਕ ਜੀਆਂ ਅਨੁਸਾਰ ਸਾਲ 2018 ਵਿੱਚ ਰਵਨੀਤ ਦਾ ਵਿਆਹ ਹੋਇਆ ਸੀ। ਰਵਨੀਤ ਨੇ ਆਪਣਾ ਘਰ ਵੇਚ ਕੇ ਅਤੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਆਪਣੀ ਪਤਨੀ ਨੂੰ ਆਸਟਰੇਲੀਆ ਭੇਜਿਆ ਸੀ। ਪਤਨੀ ਵਾਅਦਾ ਕਰ ਕੇ ਗਈ ਸੀ ਕਿ ਉਹ ਰਵਨੀਤ ਨੂੰ ਵੀ ਆਪਣੇ ਕੋਲ ਬੁਲਾਏਗੀ, ਪਰ ਉਥੇ ਪਹੁੰਚਣ ਤੋਂ ਬਾਅਦ ਉਸ ਨੇ ਰਵਨੀਤ ਨਾਲ ਸਾਰੇ ਸੰਪਰਕ ਤੋੜ ਲਏ।
ਇਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀਂ। ਬੀਤੀ ਰਾਤ ਉਸ ਨੇ ਘਰ ਦਾ ਕਮਰਾ ਅੰਦਰੋਂ ਬੰਦ ਕਰ ਲਿਆ। ਕਾਫੀ ਸਮਾਂ ਬੀਤਣ 'ਤੇ ਵੀ ਜਦੋਂ ਉਹ ਬਾਹਰ ਨਾ ਆਇਆ, ਤਾਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜਿਆ। ਅੰਦਰ ਦੀ ਹਾਲਤ ਦੇਖ ਕੇ ਸਭ ਹੈਰਾਨ ਰਹਿ ਗਏ ਕਿਉਂਕਿ ਰਵਨੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਦੇ ਫੋਰੈਂਸਿਕ ਵਿਭਾਗ ਦੀ ਟੀਮ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਸਿੰਘ ਕੰਗ ਸਮੇਤ ਹੋਰ ਵਾਲੰਟੀਅਰ ਮੌਕੇ 'ਤੇ ਪਹੁੰਚੇ। ਸ਼ੁਰੂਆਤੀ ਜਾਂਚ ਮਗਰੋਂ ਸਥਾਨਕ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।