For the best experience, open
https://m.punjabitribuneonline.com
on your mobile browser.
Advertisement

Punjab News ਕੌਣ ਬਚਾਊ ਮਾਂ ਧਰਤੀਏ ਤੇਰੀ ਗੋਦ ਨੂੰ..!

05:47 AM Dec 19, 2024 IST
punjab news ਕੌਣ ਬਚਾਊ ਮਾਂ ਧਰਤੀਏ ਤੇਰੀ ਗੋਦ ਨੂੰ
ਕਾਰਟੂਨ: ਸੰਦੀਪ ਜੋਸ਼ੀ
Advertisement

ਮਿਜ਼ਾਜ-ਏ-ਪੰਜਾਬ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 18 ਦਸੰਬਰ
ਪੰਜਾਬ ਵਿੱਚ ਖਾਦਾਂ ’ਚ ਵਰਤੋਂ ਅੱਖਾਂ ਮੀਚ ਕੇ ਹੋ ਰਹੀ ਹੈ। ਤਾਂ ਹੀ ਖਾਦਾਂ ਦੀ ਖਪਤ ’ਚ ਪੰਜਾਬ ਦੇਸ਼ ਭਰ ’ਚੋਂ ਸਿਖਰ ’ਤੇ ਹੈ। ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਧਰਤੀ ਦੀ ਕੁੱਖ ਅਤੇ ਮਨੁੱਖੀ ਸਿਹਤ ਲਈ ਇੱਕੋ ਜਿੰਨੀ ਮਾੜੀ ਹੈ। ਪੰਜਾਬ ਵਿੱਚ ਸਾਲ 2023-24 ’ਚ 34134.38 ਕਰੋੜ ਰੁਪਏ ਦੇ ਕੀਟਨਾਸ਼ਕਾਂ ਤੇ ਖਾਦਾਂ ਦਾ ਕਾਰੋਬਾਰ ਹੋਇਆ ਹੈ ਜਦਕਿ ਸਾਲ 2017-18 ਵਿਚ ਇਹੋ ਕਾਰੋਬਾਰ 9877.00 ਕਰੋੜ ਰੁਪਏ ਦਾ ਸੀ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰ ਇਸ ਗੱਲੋਂ ਦੁਖੀ ਹਨ ਕਿ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਜਾਂਦਾ ਹੈ। ਸ਼ਾਹੂਕਾਰ ਇਸ ਕਰਕੇ ਖ਼ੁਸ਼ ਹਨ ਕਿ ਕਿਸਾਨ ਉਨ੍ਹਾਂ ਦੀ ਸਲਾਹ ਮੰਨ ਰਹੇ ਹਨ।
ਖੇਤੀ ਵਿਭਾਗ ਅਨੁਸਾਰ ਪੰਜਾਬ ’ਚ ਕੀਟਨਾਸ਼ਕਾਂ ਦੇ 13,513 ਰਿਟੇਲਰ ਅਤੇ ਖਾਦਾਂ ਦੇ 9932 ਰਿਟੇਲਰ ਕਾਰੋਬਾਰੀ ਹਨ। ਸੂਬੇ ਵਿਚ ਕੀਟਨਾਸ਼ਕਾਂ ਦੇ 71 ਮੈਨੂਫੈਕਚਰਿੰਗ ਯੂਨਿਟ ਹਨ। ਖਾਦਾਂ ਦੀ ਵਰਤੋਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ’ਚ ਸਾਲ 2023-24 ’ਚ ਔਸਤਨ 247.61 ਕਿਲੋ ਪ੍ਰਤੀ ਹੈਕਟੇਅਰ ਖਪਤ ਰਹੀ ਹੈ ਜਦਕਿ ਖਪਤ ਦੀ ਕੌਮੀ ਔਸਤ 139.81 ਕਿਲੋ ਪ੍ਰਤੀ ਹੈਕਟੇਅਰ ਹੈ। ਕੌਮੀ ਔਸਤ ਤੋਂ ਕਰੀਬ 107 ਕਿਲੋ ਪ੍ਰਤੀ ਹੈਕਟੇਅਰ ਵਰਤੋਂ ਜ਼ਿਆਦਾ ਹੈ। ਜਦੋਂ ਨਰਮਾ ਪੱਟੀ ’ਚ ਫ਼ਸਲ ’ਤੇ ਅਮਰੀਕਨ ਸੁੰਡੀ ਹਰ ਵਰ੍ਹੇ ਹਮਲੇ ਕਰਦੀ ਸੀ ਤਾਂ ਉਦੋਂ ਕੀਟਨਾਸ਼ਕਾਂ ਦੀ ਵੱਡੀ ਖਪਤ ਨਰਮਾ ਬੈਲਟ ’ਚ ਹੁੰਦੀ ਸੀ।
ਪੰਜਾਬ ਵਿੱਚ ਸਾਲ 2017-18 ਤੋਂ ਸਾਲ 2023-24 ਤੱਕ ਖਾਦਾਂ ਤੇ ਕੀਟਨਾਸ਼ਕਾਂ ਦਾ 205606.56 ਕਰੋੜ ਦਾ ਕਾਰੋਬਾਰ ਹੋਇਆ ਹੈ, ਜਿਸ |ਚੋਂ ਕੁੱਝ ਕੁ ਹਿੱਸਾ ਗੁਆਂਢੀ ਸੂਬਿਆਂ ’ਚ ਵਿਕੇ ਉਤਪਾਦਾਂ ਦਾ ਵੀ ਹੈ। ਪੰਜਾਬ ’ਚ ਲੁਧਿਆਣਾ ਅਤੇ ਬਠਿੰਡਾ ਅਜਿਹੇ ਦੋ ਕੇਂਦਰ ਉੱਭਰੇ ਹਨ, ਜਿੱਥੇ ਕੰਪਨੀਆਂ ਨੇ ਆਪਣੇ ਗੋਦਾਮ ਬਣਾਏ ਹਨ ਅਤੇ ਸਪਲਾਈ ਸੈਂਟਰ ਸਥਾਪਤ ਕੀਤੇ ਹਨ। ਖਾਦਾਂ ਤੇ ਕੀਟਨਾਸ਼ਕਾਂ ਦੇ ਕਾਰੋਬਾਰ ਦੇ ਲਿਹਾਜ਼ ਨਾਲ ਲੁਧਿਆਣਾ ਪਹਿਲੇ ਨੰਬਰ ’ਤੇ ਹੈ, ਜਿੱਥੇ ਸਾਲ 2017-18 ਤੋਂ ਸਾਲ 2023-34 ਤੱਕ 48350.35 ਕਰੋੜ ਦਾ ਕਾਰੋਬਾਰ ਰਿਹਾ ਹੈ। ਲੁਧਿਆਣਾ ਵਿਚ ਇਨ੍ਹਾਂ ਦੇ 1126 ਕਾਰੋਬਾਰੀ ਸਨ। ਬਠਿੰਡਾ ਜ਼ਿਲ੍ਹੇ ਵਿਚ 1292 ਕਾਰੋਬਾਰੀ ਹਨ, ਜਿਨ੍ਹਾਂ ਨੇ ਖਾਦਾਂ ਅਤੇ ਕੀਟਨਾਸ਼ਕਾਂ ਦਾ ਇਨ੍ਹਾਂ ਸਾਢੇ ਸੱਤ ਵਰ੍ਹਿਆਂ ਦੌਰਾਨ 42197.48 ਕਰੋੜ ਦਾ ਕਾਰੋਬਾਰ ਕੀਤਾ ਹੈ। ਮੁਹਾਲੀ ਤੀਜੇ ਨੰਬਰ ’ਤੇ ਹੈ, ਜਿੱਥੇ 343 ਕਾਰੋਬਾਰੀਆਂ ਵੱਲੋਂ ਉਪਰੋਕਤ ਵਰ੍ਹਿਆਂ ਦੌਰਾਨ 29115.16 ਕਰੋੜ ਦਾ ਕਾਰੋਬਾਰ ਕੀਤਾ ਗਿਆ ਹੈ। ਬਰਨਾਲਾ ਜ਼ਿਲ੍ਹੇ ’ਚ ਇਸੇ ਦੌਰਾਨ 2602.48 ਕਰੋੜ ਦਾ ਅਤੇ ਜ਼ਿਲ੍ਹਾ ਮਾਨਸਾ ਵਿਚ 3869.27 ਕਰੋੜ ਦਾ ਕਾਰੋਬਾਰ ਹੋਇਆ ਹੈ। ਕਾਰੋਬਾਰੀਆਂ ’ਚ ਮੈਨੂਫੈਕਚਰਿੰਗ ਯੂਨਿਟ ਵੀ ਸ਼ਾਮਲ ਹਨ। ਪੰਜਾਬ ’ਚੋਂ ਕੀਟਨਾਸ਼ਕਾਂ ਦੀ ਸਪਲਾਈ ਲਾਗਲੇ ਸੂਬਿਆਂ ਵਿਚ ਹੁੰਦੀ ਹੈ। ਪਹਿਲਾਂ ਪੰਜਾਬ ’ਚ ਬਹੁਕੌਮੀ ਕੰਪਨੀਆਂ ਦੀ ਤੂਤੀ ਬੋਲਦੀ ਰਹੀ ਹੈ ਜਦਕਿ ਹੁਣ ਕਿਸਾਨ ਸਥਾਨਕ ਬਰਾਂਡ ਵੀ ਖ਼ਰੀਦ ਰਹੇ ਹਨ, ਜੋ ਸਸਤੇ ਪੈਂਦੇ ਹਨ। ਮਾਝੇ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਉਪਰੋਕਤ ਸਾਲਾਂ ਦੌਰਾਨ 10209.86 ਕਰੋੜ ਦਾ ਕਾਰੋਬਾਰ ਰਿਹਾ ਹੈ ਜਦਕਿ ਦੁਆਬੇ ਦੇ ਜ਼ਿਲ੍ਹੇ ਹੁਸ਼ਿਆਰਪੁਰ ਵਿਚ 2432.56 ਕਰੋੜ ਦਾ ਕੰਮ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਨੂੰ ਮਜਬੂਰੀ ਦੱਸਦੇ ਹਨ ਜਦਕਿ ਖੇਤੀ ਮਾਹਿਰ ਇਸ ਨੂੰ ਬੇਲੋੜੀ ਹੋੜ ਆਖ ਰਹੇ ਹਨ। ਖੇਤੀ ਮਾਹਿਰ ਕਣਕ ਲਈ ਯੂਰੀਆ ਦੀਆਂ ਦੋ ਡੋਜ਼ ਸਿਫ਼ਾਰਸ਼ ਕਰਦੇ ਹਨ ਪਰ ਕਿਸਾਨ ਚਾਰ ਡੋਜ਼ ਪਾਉਂਦੇ ਹਨ। ਆਲੂ ਅਤੇ ਗੋਭੀ ਵਿਚ ਡੀਏਪੀ ਦੀ ਬੇਲੋੜੀ ਖਪਤ ਹੋ ਰਹੀ ਹੈ। ਪੰਜਾਬ ਵਿਚ ਯੂਰੀਏ ਦੀ 31 ਲੱਖ ਟਨ ਅਤੇ ਡੀਏਪੀ ਦੀ 7.50 ਲੱਖ ਟਨ ਖਪਤ ਹੁੰਦੀ ਹੈ। ਨਦੀਨ ਕੰਟਰੋਲ ਤੇ ਗਰੋਥ ਲਈ ਜਾਂ ਫਿਰ ਪੱਤਾ ਲਪੇਟ ਸੁੰਡੀ ਆਦਿ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਹੋ ਰਹੀ ਹੈ। ਪਾਰਲੀਮੈਂਟ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿਚ 6981 ਹੈਕਟੇਅਰ ਰਕਬੇ ਨੂੰ ਜੈਵਿਕ ਖੇਤੀ ਅਧੀਨ ਲਿਆਂਦਾ ਜਾ ਸਕਿਆ ਹੈ।

Advertisement

ਧਰਤੀ ਵਿੱਚ ਜੈਵਿਕ ਤੱਤਾਂ ਦੀ ਹੋਣ ਲੱਗੀ ਕਮੀ

ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਦਾ ਨਤੀਜਾ ਹੈ ਕਿ ਪੰਜਾਬ ਦੀ ਧਰਤੀ ਦੀ ਸਿਹਤ ਬਿਮਾਰ ਹੋ ਰਹੀ ਹੈ। ਧਰਤੀ ’ਚ ਜੈਵਿਕ ਤੱਤਾਂ ਦੀ ਕਮੀ ਹੋਣ ਲੱਗੀ ਹੈ ਅਤੇ ਜ਼ਹਿਰਾਂ ਦੀ ਵੱਧ ਵਰਤੋਂ ਦਾ ਸਿੱਧਾ-ਅਸਿੱਧਾ ਅਸਰ ਮਨੁੱਖੀ ਸਿਹਤ ’ਤੇ ਵੀ ਪੈ ਰਿਹਾ ਹੈ। ਕਿਸਾਨ ਆਗੂ ਆਖਦੇ ਹਨ ਕਿ ਦੇਸ਼ ਦਾ ਢਿੱਡ ਭਰਨ ਵਾਸਤੇ ਕਿਸਾਨਾਂ ਨੇ ਸਭ ਕੁੱਝ ਦਾਅ ’ਤੇ ਲਾਇਆ ਹੈ, ਜਿਸ ਦਾ ਭਾਰਤ ਸਰਕਾਰ ਨੇ ਕੋਈ ਮੁੱਲ ਨਹੀਂ ਪਾਇਆ।

Advertisement
Author Image

joginder kumar

View all posts

Advertisement