Punjab news ਵੀਨਾ ਰਾਣੀ ਨਗਰ ਪੰਚਾਇਤ ਸਰਦੂਲਗੜ੍ਹ ਦੀ ਪ੍ਰਧਾਨ ਬਣੀ
ਬਲਜੀਤ ਸਿੰਘ
ਸਰਦੂਲਗੜ੍ਹ, 10 ਜਨਵਰੀ
ਨਗਰ ਪੰਚਾਇਤ ਸਰਦੂਲਗੜ੍ਹ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਵੀਨਾ ਰਾਣੀ ਨੂੰ ਪ੍ਰਧਾਨ ਚੁਣਿਆ ਗਿਆ ਹੈ। ਸਬ ਡਵੀਜ਼ਨ ਸਰਦੂਲਗੜ੍ਹ ਦੇ ਐਸ.ਡੀ.ਐਮ (ਕਨਵੀਨਰ) ਨਿਤੇਸ਼ ਕੁਮਾਰ ਜੈਨ ਦੀ ਪ੍ਰਧਾਨਗੀ ਹੇਠ ਨਗਰ ਪੰਚਾਇਤ ਸਰਦੂਲਗੜ੍ਹ ਦੇ ਚੁਣੇ ਗਏ 15 ਐੱਮਸੀਜ਼ ਦੀ ਮੀਟਿੰਗ ਹੋਈ। ਨਵੇਂ ਬਣੇ ਐਮਸੀ’ਜ਼ ਨੇ ਸਹੁੰ ਚੁੱਕਣ ਤੋਂ ਬਾਅਦ ਸਰਬਸੰਮਤੀ ਨਾਲ ਵੀਨਾ ਰਾਣੀ ਪਤਨੀ ਪ੍ਰੇਮ ਕੁਮਾਰ ਗਰਗ ਨੂੰ ਪ੍ਰਧਾਨ, ਸੁਖਜੀਤ ਸਿੰਘ ਬੱਬਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਖਵਿੰਦਰ ਸਿੰਘ (ਜੈਂਕ) ਨੂੰ ਮੀਤ ਪ੍ਰਧਾਨ ਨੂੰ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਉਨ੍ਹਾਂ ’ਤੇ ਭਰੋਸਾ ਜਤਾਉਂਦਿਆਂ ਐੱਮਸੀ ਚੁਣਿਆ ਹੈ ਤੇ ਉਹ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਗੇ। ਉਨ੍ਹਾਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਵੇਂ ਚੁਣੇ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਰਦੂਲਗੜ੍ਹ ਦੇ ਸਰਬਪੱਖੀ ਵਿਕਾਸ ਲਈ ਨਗਰ ਪੰਚਾਇਤ ਸਰਦੂਲਗੜ੍ਹ ਦੇ ਚੁਣੇ ਗਏ ਐੱਮਸੀ’ਜ਼ ਅਤੇ ਅਹੁਦੇਦਾਰਾਂ ਨਾਲ ਮਿਲ ਕੇ ਸਾਂਝੇ ਯਤਨ ਕਰਨਗੇ।