Punjab News: ਨਰਿੰਦਰਦੀਪ ਨੂੰ ਸ਼ਰਧਾਂਜਲੀਆਂ ਭੇਟ, ਇਨਸਾਫ਼ ਲਈ ਸੰਘਰਸ਼ ਕਮੇਟੀ ਦਾ ਐਲਾਨ
ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਲਵਾਈ ਹਾਜ਼ਰੀ; ਇਨਸਾਫ਼ ਲਈ ਲੋੜ ਪੈਣ ’ਤੇ 5 ਜੂਨ ਨੂੰ ਐਸਐਸਪੀ ਦਫ਼ਤਰ ਅੱਗੇ ਦਿੱਤਾ ਜਾਵੇਗਾ ਧਰਨਾ
ਮਨੋਜ ਸ਼ਰਮਾ
ਗੋਨਿਆਣਾ ਮੰਡੀ (ਬਠਿੰਡਾ), 31 ਮਈ
ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਸਿੰਘ ਨੰਨੂ ਦੀ ਬੇਵਕਤੀ ਮੌਤ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ਹੋਏ ਭੋਗ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਨੇ ਦਰਸਾ ਦਿੱਤਾ ਕਿ ਇਹ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਸਗੋਂ ਸਾਰੇ ਇਲਾਕੇ ਦਾ ਦੁੱਖ ਹੈ।
ਸਮਾਗਮ ਦੌਰਾਨ ਇਲਾਕਾ ਨਿਵਾਸੀਆਂ ਦੀਆਂ ਹੰਝੂਆਂ ਭਰੀਆਂ ਅੱਖਾਂ ਨੇ ਨਰਿੰਦਰਦੀਪ ਦੀ ਯਾਦ ਨੂੰ ਸਦੀਵੀ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਦੀ ਬੇਵਕਤੀ ਮੌਤ 'ਤੇ ਜਿਥੇ ਪਰਿਵਾਰ ਵਾਲਿਆਂ ਨੇ ਪੁਲੀਸ ’ਤੇ ਨੌਜਵਾਨ ਉਤੇ ਅੰਨ੍ਹਾ ਤਸ਼ੱਦਦ ਢਾਹੁਣ ਦੇ ਗੰਭੀਰ ਦੋਸ਼ ਲਾਏ ਹਨ, ਉਥੇ ਹੀ ਵੱਖ-ਵੱਖ ਜਥੇਬੰਦੀਆਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਦੁੱਖ ਭਰੇ ਸ਼ਰਧਾਂਜਲੀ ਸਮਾਗਮ ਮੌਕੇ ਬੀਕੇਯੂ ਉਗਰਾਹਾਂ ਸੂਬਾ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਰਨਲ ਸਕੱਤਰ ਕਾਮਰੇਡ ਬਲਕਰਨ ਸਿੰਘ ਬਰਾੜ, ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ, ਡਾ. ਨਵਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਸਮੇਤ ਕਈ ਆਗੂਆਂ ਨੇ ਆਪਣੀ ਸ਼ਮੂਲੀਅਤ ਨਾਲ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਇਸ ਮੌਕੇ ਨਰਿੰਦਰਦੀਪ ਦੀ ਪਤਨੀ ਨੈਨਸੀ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਹਿੰਮਤ ਅਤੇ ਹੌਸਲੇ ਨੂੰ ਸਲਾਮ ਕੀਤਾ ਗਿਆ ਜੋ ਇਨਸਾਫ਼ ਦੀ ਲੜਾਈ ਦੀ ਅਗਵਾਈ ਕਰ ਰਹੀ ਹੈ।
26 ਮੈਂਬਰੀ ਸੰਘਰਸ਼ ਕਮੇਟੀ ਦਾ ਐਲਾਨ
ਭੋਗ ਸਮਾਗਮ ਤੋਂ ਬਾਅਦ ਨਰਿੰਦਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇੱਕ 26 ਮੈਂਬਰੀ ਸੰਘਰਸ਼ ਕਮੇਟੀ ਦੀ ਘੋਸ਼ਣਾ ਕੀਤੀ ਗਈ ਹੈ। ਇਸ ਕਮੇਟੀ ਵਿੱਚ ਕਿਸਾਨ ਯੂਨੀਅਨਾਂ, ਸਿਆਸੀ ਧਿਰਾਂ ਅਤੇ ਇਲਾਕਾਈ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਕਮੇਟੀ ਅਗਲੇ ਸੰਘਰਸ਼ ਦੀ ਯੋਜਨਾ ਬਣਾਏਗੀ ਅਤੇ ਜੇ ਇਨਸਾਫ਼ ਨਹੀਂ ਮਿਲਦਾ ਤਾਂ 5 ਜੂਨ ਨੂੰ ਐਸਐਸਪੀ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।