Punjab News: ਥਾਣੇ ਦੀ ਕੰਧ ਟੱਪ ਕੇ ਫ਼ਰਾਰ ਹੋਇਆ ਘੈਂਟ ਦੋ ਘੰਟੇ ਪਿੱਛੋਂ ਮੁੜ ਕਾਬੂ
ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਮਈ
ਥਾਣਾ ਧਰਮਗੜ੍ਹ ਵਿਚ ਇੱਕ ਹਵਾਲਾਤੀ ਦੇ ਅੱਜ ਤੜਕੇ ਹਵਾਲਾਤ ਦੀ ਕੰਧ ਟੱਪ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਥਾਣਾ ਧਰਮਗੜ੍ਹ ਦੇ ਐਸਐਚਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਧਰਮਪਾਲ ਬਤੌਰ ਨਾਈਟ ਮੁਨਸ਼ੀ ਨੇ ਮੁਲਜ਼ਮ ਸ਼ਮਸ਼ੇਰ ਸਿੰਘ ਘੈਂਟ ਨੂੰ ਹਵਾਲਾਤ ਵਿਚ ਬੰਦ ਕਰਵਾਇਆ ਸੀ।
ਧਰਮਪਾਲ ਨੇ ਦੱਸਿਆ ਕਿ ਅੱਜ ਤੜਕੇ ਵਕਤ ਕਰੀਬ 2.30 ਵਜੇ ਉਹ ਆਪਣੇ ਮੁਨਸ਼ੀ ਦਫਤਰ ਵਿੱਚ ਬੈਠ ਕੇ ਰਿਕਾਰਡ ਦੀ ਪੂਰਤੀ ਕਰ ਰਿਹਾ ਸੀ। ਉਸ ਨੇ ਕਿਹਾ, ‘‘ਤਾਂ ਮੈ ਹਵਾਲਾਤ ਵੱਲ ਗੇਟ ਖੁੱਲ੍ਹਣ ਦਾ ਖੜਕਾ ਸੁਣਿਆ ਅਤੇ ਦੇਖਿਆ ਕਿ ਦੋਸੀ ਸ਼ਮਸ਼ੇਰ ਸਿੰਘ ਉਰਫ ਘੈਂਟ ਹਵਾਲਾਤ ਦਾ ਜਿੰਦਰਾ ਤੋੜ ਕੇ ਬਾਹਰ ਆ ਗਿਆ ਸੀ।’’
ਮੁਲਜ਼ਮ ਨੂੰ ਉਸ ਨੇ ਜੱਫਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੋਈ ਆਪਣੇ ਹੱਥ ਵਿੱਚ ਫੜੀ ਹੋਈ ਤਿੱਖੀ ਚੀਜ਼ ਸਹਾਇਕ ਥਾਣੇਦਾਰ ਦੇ ਸਿਰ ਵਿੱਚ ਮਾਰੀ, ਜਿਸ ਨਾਲ ਉਹ ਧਰਤੀ ਪਰ ਡਿੱਗ ਗਿਆ। ਇਸ ਪਿੱਛੋਂ ਸ਼ਮਸ਼ੇਰ ਸਿੰਘ ਉਰਫ ਘੈਂਟ ਥਾਣੇ ਦੀ ਕੰਧ ਟੱਪ ਕੇ ਪੁਲੀਸ ਹਿਰਾਸਤ ਵਿੱਚੋ ਫਰਾਰ ਹੋ ਗਿਆ।
ਇੰਸਪੈਕਟਰ ਕਮਲਦੀਪ ਸਿੰਘ ਤੇ ਗੁਰਭੇਜ ਸਿੰਘ ਨੇ ਫ਼ਰਾਰ ਹੋਏ ਸ਼ਮਸ਼ੇਰ ਸਿੰਘ ਘੈਂਟ ਨੂੰ ਦੋ ਘੰਟੇ ਵਿੱਚ ਮੁੜ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ।



