Punjab News: ਲਹਿੰਦੇ ਪੰਜਾਬ ਦੀ ਹਕੂਮਤ ਨੇ Lahore ਦੇ ਪੁੰਛ ਹਾਊਸ ’ਚ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ
ਲਾਹੌਰ, 31 ਦਸੰਬਰ
ਲਹਿੰਦੇ ਪੰਜਾਬ ਸਰਕਾਰ ਨੇ ਇੱਥੇ ਇਤਿਹਾਸਕ ਪੁੰਛ ਹਾਊਸ (Poonch House) ਵਿਖੇ ਭਗਤ ਸਿੰਘ ਗੈਲਰੀ (Bhagat Singh Gallery) ਸੈਲਾਨੀਆਂ ਲਈ ਖੋਲ੍ਹ ਦਿੱਤੀ ਹੈ, ਜਿੱਥੇ ਕਰੀਬ 93 ਸਾਲ ਪਹਿਲਾਂ ਸ਼ਹੀਦ-ਏ-ਆਜ਼ਮ ਆਜ਼ਾਦੀ ਘੁਲਾਟੀਏ ਉਤੇ ਮੁਕੱਦਮਾ ਚਲਾਇਆ ਗਿਆ ਸੀ। ਗੈਲਰੀ ਵਿੱਚ ਇਤਿਹਾਸਕ ਦਸਤਾਵੇਜ਼ ਰੱਖੇ ਗਏ ਹਨ, ਜਿਨ੍ਹਾਂ ਵਿੱਚ ਤਸਵੀਰਾਂ, ਪੱਤਰ, ਅਖ਼ਬਾਰ, ਮੁਕੱਦਮੇ ਦੇ ਵੇਰਵੇ ਅਤੇ ਉਨ੍ਹਾਂ ਦੇ ਜੀਵਨ ਤੇ ਆਜ਼ਾਦੀ ਸੰਘਰਸ਼ ਨਾਲ ਸਬੰਧਤ ਹੋਰ ਯਾਦਗਾਰੀ ਲੇਖ ਸ਼ਾਮਲ ਹਨ।
ਪੰਜਾਬ ਹਕੂਮਤ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਮਾਨ (Punjab Chief Secretary Zahid Akhtar Zaman) ਨੇ ਸੋਮਵਾਰ ਨੂੰ ਗੈਲਰੀ ਦਾ ਉਦਘਾਟਨ ਕੀਤਾ। ਜ਼ਮਾਨ ਨੇ ਕਿਹਾ, ‘‘ਸੈਲਾਨੀਆਂ ਨੂੰ ਇਸ ਸਬੰਧੀ ਪੰਜਾਬ ਸਰਕਾਰ ਦੇ ਉਦਯੋਗ, ਵਣਜ ਅਤੇ ਸੈਰ-ਸਪਾਟਾ ਮਹਿਕਮਿਆਂ ਵਿਚਕਾਰ ਹੋਏ ਇਕਰਾਰਨਾਮੇ ਤਹਿਤ ਗੈਲਰੀ ਤੱਕ ਪਹੁੰਚ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਪੁੰਛ ਹਾਊਸ ਦੀ ਇਤਿਹਾਸਕ ਇਮਾਰਤ ਨੂੰ ਇਸ ਦੇ ਅਸਲ ਰੂਪ ਵਿੱਚ ਬਹਾਲ ਕਰ ਦਿੱਤਾ ਗਿਆ ਹੈ। ਪੁੰਛ ਹਾਊਸ ਵਿਚ ਲਹਿੰਦੇ ਪੰਜਾਬ ਦਾ ਸਨਅਤੀ ਡਾਇਰੈਕਟੋਰੇਟ ਸਥਿਤ ਹੈ।
ਉਨ੍ਹਾਂ ਕਿਹਾ, ‘‘ਗੈਲਰੀ (ਸ਼ਹੀਦ) ਭਗਤ ਸਿੰਘ ਦੀ ਆਜ਼ਾਦੀ ਲਈ ਜੱਦੋਜਹਿਦ ਨੂੰ ਦਰਸਾਉਂਦੀ ਹੈ।’’ ਦੱਸਣਯੋਗ ਹੈ ਕਿ ਪਾਕਿਸਤਾਨ ਪੰਜਾਬ ਦੇ ਪੁਰਾਲੇਖ ਵਿਭਾਗ (Pakistan's Punjab Archives Department) ਨੇ 2018 ਵਿੱਚ ਪਹਿਲੀ ਵਾਰ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਕੇਸ ਫਾਈਲ ਦੇ ਕੁਝ ਰਿਕਾਰਡ ਜੱਗਜ਼ਾਹਰ ਕੀਤੇ ਸਨ, ਜਿਸ ਵਿੱਚ ਉਨ੍ਹਾਂ ਦਾ ਫਾਂਸੀ ਸਰਟੀਫਿਕੇਟ, ਪੱਤਰ, ਫੋਟੋਆਂ ਅਤੇ ਅਖਬਾਰਾਂ ਦੀਆਂ ਕਟਿੰਗਾਂ ਅਤੇ ਹੋਰ ਸਮੱਗਰੀ ਸ਼ਾਮਲ ਸੀ।
ਗ਼ੌਰਤਲਬ ਹੈ ਕਿ 23 ਸਾਲਾ ਸਿੰਘ ਨੂੰ ਅੰਗਰੇਜ਼ ਹਾਕਮਾਂ ਨੇ 23 ਮਾਰਚ, 1931 ਨੂੰ ਲਾਹੌਰ ਵਿੱਚ ਉਸ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਣੇ ਫਾਂਸੀ ਦੇ ਦਿੱਤੀ ਸੀ। ਉਨ੍ਹਾਂ ਖ਼ਿਲਾਫ਼ ਬਸਤੀਵਾਦੀ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਿਰੁੱਧ ਬ੍ਰਿਟਿਸ਼ ਪੁਲੀਸ ਅਧਿਕਾਰੀ ਜੌਹਨ ਪੀ ਸਾਂਡਰਸ (British police officer John P Saunders) ਦੇ ਕਤਲ ਦੇ ਦੋਸ਼ ਵਿੱਚ ਕੇਸ ਦਾਇਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਨਾ ਰੱਖਣ ’ਤੇ ਪੰਜਾਬ ਸਰਕਾਰ ਦੀ ਜਵਾਬ ਤਲਬੀ
ਭਾਰਤ ਨੇ ਸ਼ਹੀਦ ਭਗਤ ਸਿੰਘ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਲਈ ਪਾਕਿ ਕੋਲ ਵਿਰੋਧ ਦਰਜ ਕਰਵਾਇਆ
ਗੈਲਰੀ ਵਿਚ ਰੱਖੇ ਗਏ ਰਿਕਾਰਡ ਵਿੱਚ ਸ਼ਹੀਦ ਭਗਤ ਸਿੰਘ ਵੱਲੋਂ 27 ਅਗਸਤ, 1930 ਨੂੰ ਅਦਾਲਤ ਦਾ ਹੁਕਮ ਮੁਹੱਈਆ ਕਰਾਉਣ ਦੀ ਦਰਖ਼ਾਸਤ ਤੇ ਹੋਰ ਦਸਤਾਵੇਾ਼ ਸ਼ਾਮਲ ਹਨ। ਭਗਤ ਸਿੰਘ ਦੀ ਮੌਤ ਦੀ ਸਜ਼ਾ ਬਾਰੇ ਇੱਕ ਦਸਤਾਵੇਜ਼ ਕਹਿੰਦਾ ਹੈ: “ਮੈਂ (ਜੇਲ੍ਹ ਦਾ ਸੁਪਰਡੈਂਟ) ਇਸ ਰਾਹੀਂ ਪ੍ਰਮਾਣਿਤ ਕਰਦਾ ਹਾਂ ਕਿ ਭਗਤ ਸਿੰਘ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਂਦਾ ਗਿਆ ਹੈ ਅਤੇ ਉਕਤ ਭਗਤ ਸਿੰਘ ਨੂੰ 23 ਮਾਰਚ 1931 ਦੇ ਦਿਨ ਸੋਮਵਾਰ ਰਾਤ 9 ਵਜੇ ਲਾਹੌਰ ਜੇਲ੍ਹ ਵਿੱਚ ਮਰਨ ਤੱਕ ਗਲੇ ਤੋਂ ਫਾਹੇ ਟੰਗ ਕੇ ਫਾਂਸੀ ਦਿੱਤੀ ਗਈ ਸੀ। ਲਾਸ਼ ਨੂੰ ਉਦੋਂ ਤੱਕ ਨਹੀਂ ਉਤਾਰਿਆ ਗਿਆ ਜਦੋਂ ਤੱਕ ਇੱਕ ਮੈਡੀਕਲ ਅਫਸਰ ਦੁਆਰਾ ਜਾਨ ਚਲੇ ਜਾਣ ਦਾ ਪਤਾ ਨਹੀਂ ਲੱਗ ਗਿਆ; ਅਤੇ ਇਹ ਕਿ ਕੋਈ ਹਾਦਸਾ, ਗਲਤੀ ਜਾਂ ਹੋਰ ਕੋਈ ਦੁਰਘਟਨਾ ਨਹੀਂ ਹੋਈ।” ਇਨਕਲਾਬੀ ਯੋਧੇ ਨੇ ਆਪਣੀ ਹਰ ਅਰਜ਼ੀ ਨੂੰ ਰਵਾਇਤੀ 'ਤੁਹਾਡਾ ਸੱਚਾ' ਜਾਂ 'ਆਗਿਆਕਾਰੀ' ਨਾਲ ਖਤਮ ਨਹੀਂ ਕੀਤਾ ਅਤੇ ਇਸ ਦੀ ਬਜਾਏ ਉਸਨੇ "ਤੁਹਾਡਾ ਆਦਿ ਆਦਿ" ਸ਼ਬਦਾਂ ਦੀ ਚੋਣ ਕੀਤੀ।
ਕੇਸ ਫਾਈਲਾਂ ਵਿੱਚ ਇਹ ਵੀ ਦਸਤਾਵੇਜ਼ ਹਨ ਕਿ ਕਿਵੇਂ ਬ੍ਰਿਟਿਸ਼ ਇੰਡੀਆ ਪੁਲੀਸ ਅਤੇ ਏਜੰਸੀਆਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 24 ਤੋਂ 25 ਮੈਂਬਰਾਂ ਵਾਲੀ ਭਗਤ ਸਿੰਘ ਦੀ ਟੀਮ ਦਾ ਪਰਦਾਫਾਸ਼ ਕੀਤਾ ਸੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ (Hindustan Socialist Republican Army) ਅਤੇ ਨੌਜਵਾਨ ਭਾਰਤ ਸਭਾ (Naujawan Bharat Sabha) ਨਾਲ ਉਨ੍ਹਾਂ ਦੇ ਸਬੰਧ ਸਾਬਤ ਕੀਤੇ ਸਨ।
ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਸ਼ੀਦ ਕੁਰੈਸ਼ੀ (Bhagat Singh Memorial Foundation Chairman Advocate Imtiaz Rasheed Qureshi) ਨੇ ਮੰਗਲਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਕਿਉਂਕਿ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਗੈਲਰੀ ਖੋਲ੍ਹ ਦਿੱਤੀ ਹੈ, ਇਸ ਲਈ ਸਰਕਾਰ ਨੇ ਸ਼ਾਦਮਾਨ ਚੌਕ (ਜਿੱਥੇ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਸੀ) ਦਾ ਨਾਂ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ 'ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਅਸੀਂ ਇਸ ਲਈ ਸਰਕਾਰ 'ਤੇ ਦਬਾਅ ਪਾਉਂਦੇ ਰਹਾਂਗੇ।" -ਪੀਟੀਆਈ