Punjab News ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਅੱਜ ਵੀ ਕਾਇਮ: ਜਥੇਦਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜਨਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਅਤੇ ਜਥੇਬੰਦੀ ਦੀ ਨਵੀਂ ਭਰਤੀ ਦੀ ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਕਰਨ ਦੇ ਫੈਸਲੇ ਤੋਂ ਇੱਕ ਦਿਨ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਕਿਹਾ ਕਿ ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਅੱਜ ਵੀ ਸਟੈਂਡ ਕਰਦੀ ਹੈ ਅਤੇ ਉਸ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸ਼ੁੱਕਰਵਾਰ ਨੂੰ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਉਪਰੋਕਤ ਸੱਤ ਮੈਂਬਰੀ ਕਮੇਟੀ ਨੂੰ ਅਣਡਿੱਠ ਕਰਦਿਆਂ ਪਾਰਟੀ ਵੱਲੋਂ ਆਪਣੇ ਸੀਨੀਅਰ ਆਗੂ ਆਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਹਨ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੇ ਅਕਾਲ ਤਖਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਨਹੀਂ ਕੀਤਾ ਗਿਆ ਤਾਂ ਇਹ ਆਨਾਕਾਨੀ ਵਾਲੇ ਰਵੱਈਏ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਅਸਿੱਧੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਨਾਲ ਨਾਖੁਸ਼ੀ ਜ਼ਾਹਿਰ ਕਰਦਿਆਂ ਕਿ ਅਕਾਲ ਤਖਤ ਵੱਲੋਂ ਕੀਤੇ ਗਏ ਫੈਸਲੇ ਨੂੰ ਹੂਬਹੂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਆਖ ਚੁੱਕੇ ਹਨ ਕਿ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਕੀਤੇ ਗਏ ਆਦੇਸ਼ ਇਨ-ਬਿਨ ਲਾਗੂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨਾ ਸਵਾਗਤ ਯੋਗ ਹੈ। ਉਹਨਾਂ ਦੱਸਿਆ ਕਿ ਬਾਕੀ ਹੋਰ ਅਕਾਲੀ ਆਗੂਆਂ, ਜਿਨਾਂ ਦੇ ਅਸਤੀਫੇ ਰੱਦ ਕਰ ਦਿੱਤੇ ਗਏ ਹਨ, ਬਾਰੇ ਪਾਰਟੀ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਸਤੀਫੇ ਪਹਿਲਾਂ ਹੀ ਰਜਿਸਟਰ ਵਿੱਚ ਅਪ੍ਰਵਾਨ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੀ ਕੀਤਾ ਗਿਆ ਹੈ।
ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਬੀਤੇ ਦਿਨ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ਕਿ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਪਾਰਟੀ ਦੇ ਸੰਵਿਧਾਨ ਮੁਤਾਬਕ ਚੋਣ ਨਹੀਂ ਕਰਵਾ ਸਕਦੀ ਹੈ ਅਤੇ ਇਹ ਕਾਨੂੰਨੀ ਤੌਰ ’ਤੇ ਇੱਕ ਅੜਿੱਕਾ ਹੈ। ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਵਕੀਲਾਂ ਦੇ ਇਸ ਸਬੰਧੀ ਦਸਤਾਵੇਜ਼ ਦਿੱਤੇ ਗਏ ਹਨ ਅਤੇ ਚੋਣ ਕਮਿਸ਼ਨ ਦਾ ਇੱਕ ਪਰਫਾਰਮਾ ਵੀ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਸ ਤੋ ਵੱਧ ਹੋਰ ਕੋਈ ਜਾਣਕਾਰੀ ਨਹੀਂ ਹੈ।