Punjab News: ਜ਼ਮੀਨੀ ਵਿਵਾਦ ’ਚ ਤਾਰੇਵਾਲਾ ਵਾਸੀ ਨੂੰ ਟਰੈਕਟਰ ਥੱਲੇ ਦਰੜ ਕੇ ਮਾਰਿਆ
ਹਰਦੀਪ ਸਿੰਘ
ਧਰਮਕੋਟ, 30 ਮਈ
ਇਸ ਥਾਣੇ ਦੀ ਹਦੂਦ ਵਿਚ ਆਉਂਦੇ ਪਿੰਡ ਚੱਕ ਤਾਰੇਵਾਲਾ ਵਿਖੇ ਅੱਜ ਤੜਕਸਾਰ ਟਰੈਕਟਰ ਥੱਲੇ ਦਰੜ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖਤ ਚਿਮਨ ਸਿੰਘ ਵਜੋਂ ਹੋਈ ਹੈ, ਜਿਸ ਦਾ ਆਪਣੇ ਹੀ ਪਿੰਡ ਦੇ ਇੱਕ ਪਰਿਵਾਰ ਨਾਲ ਇਕ ਕਨਾਲ 4 ਮਰਲੇ ਜ਼ਮੀਨ ਦਾ ਝਗੜਾ ਚੱਲ ਰਿਹਾ ਦੱਸਿਆ ਜਾਂਦਾ ਹੈ।
ਮ੍ਰਿਤਕ ਦੇ ਬੇਟੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ ਉਕਤ ਜ਼ਮੀਨ ਖਰੀਦੀ ਸੀ ਅਤੇ ਇਸਦਾ ਇੰਤਕਾਲ ਵੀ ਉਨ੍ਹਾਂ ਦੇ ਪਿਤਾ ਦੇ ਨਾਮ ਹੈ। ਪਰ ਪਿੰਡ ਦੇ ਬਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਵਗੈਰਾ ਦਾ ਪਰਿਵਾਰ ਜ਼ਮੀਨ ਉਪਰ ਕਬਜ਼ਾ ਨਹੀਂ ਛੱਡ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਦੋਸ਼ੀਆਂ ਦੀ ਭੈਣ ਨੇ ਇਹ ਜ਼ਮੀਨ ਵੇਚੀ ਸੀ ਅਤੇ ਉਨ੍ਹਾਂ ਅੱਗੇ ਤੀਸਰੀ ਧਿਰ ਤੋਂ ਜ਼ਮੀਨ ਖਰੀਦ ਲਈ ਸੀ।
ਉਨ੍ਹਾਂ ਦੱਸਿਆ ਕਿ ਅੱਜ ਤੜਕਸਾਰ ਜਦੋਂ ਮੁਲਜ਼ਮ ਜ਼ਮੀਨ ਨੂੰ ਵਾਹੁਣ ਲੱਗੇ ਤਾਂ ਉਨ੍ਹਾਂ ਦੇ ਪਿਤਾ ਅਤੇ ਮਾਤਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ। ਇਸ ਉੱਤੇ ਮੁਲਜ਼ਮ ਤੈਸ਼ ਵਿੱਚ ਆ ਗਏ ਤੇ ਉਨ੍ਹਾਂ ਦੇ ਪਿਤਾ ਉਪਰ ਦੋ ਤਿੰਨ ਵਾਰ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਚਿਮਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਦੀ ਮਾਤਾ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਘਟਨਾ ਬਾਰੇ ਘਰ ਆ ਕੇ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਨੂੰ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਕਰਤਾਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਅਤੇ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਲੋਕਾਂ ਨੇ ਮਿਲ ਕੇ ਅੰਜਾਮ ਦਿੱਤਾ ਹੈ।
ਹਲਕੇ ਦੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਮੁਢਲੀ ਤਫਤੀਸ਼ ਤੋਂ ਇਹ ਕਤਲ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਮੁਕੱਦਮਾ ਦਰਜ ਕਰਨ ਦੀ ਧਰਮਕੋਟ ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ।