Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ
* ਗੁਲਜ਼ਾਰ ਸਿੰਘ ਰਣੀਕੇ ਮੁੱਖ ਚੋਣ ਅਧਿਕਾਰੀ ਨਿਯੁਕਤ
* 13 ਸੀਨੀਅਰ ਆਗੂਆਂ ਨੂੰ ਵੱਖ-ਵੱਖ ਸੂਬਿਆਂ ਦਾ ਚੋਣ ਆਬਜ਼ਰਵਰ ਲਾਇਆ
ਚਰਨਜੀਤ ਭੁੱਲਰ
ਚੰਡੀਗੜ੍ਹ, 10 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਰੀਬ 55 ਦਿਨਾਂ ਦੀ ਲੰਬੀ ਜੱਕੋ-ਤੱਕੀ ਮਗਰੋਂ ਅੱਜ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਰਸਮੀ ਤੌਰ ’ਤੇ 16 ਨਵੰਬਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵਰਕਿੰਗ ਕਮੇਟੀ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ 20 ਜਨਵਰੀ ਤੋਂ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਨਵੇਂ ਪਾਰਟੀ ਪ੍ਰਧਾਨ ਦੀ ਚੋਣ ਹੁਣ ਪਹਿਲੀ ਮਾਰਚ ਨੂੰ ਹੋਵੇਗੀ। ਜਥੇਬੰਦਕ ਚੋਣਾਂ ਕਰਵਾਉਣ ਲਈ ਗੁਲਜ਼ਾਰ ਸਿੰਘ ਰਣੀਕੇ ਨੂੰ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਅੱਜ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਦਿਆਂ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੁਖਬੀਰ ਸਿੰਘ ਬਾਦਲ ਵੀ ਅੱਜ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਬਤੌਰ ਵਰਕਰ ਪਾਰਟੀ ਤੇ ਪੰਜਾਬ ਦੀ ਸੇਵਾ ਲਈ ਵਚਨਬੱਧ ਰਹਿਣਗੇ। ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਸੀਨੀਅਰ ਆਗੂਆਂ ਨੂੰ ਚੋਣ ਪ੍ਰਕਿਰਿਆ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ।
ਚੇਤੇ ਰਹੇ ਕਿ ਕਰੀਬ ਤਿੰਨ ਦਹਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ’ਤੇ ਬਾਦਲ ਪਰਿਵਾਰ ਕਾਬਜ਼ ਸੀ। ਸਾਲ 1995 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਸੀ ਅਤੇ ਸਾਲ 2008 ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਚੱਲੇ ਆ ਰਹੇ ਸਨ। ਲੰਬੇ ਅਰਸੇ ਮਗਰੋਂ ਬਾਦਲ ਪਰਿਵਾਰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋਇਆ ਹੈ। ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦਾ ਫ਼ੈਸਲਾ ਟਾਲ ਦਿੱਤਾ ਗਿਆ ਸੀ। ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ 8 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੀਟਿੰਗ ਕੀਤੀ ਗਈ ਸੀ। ਅੱਜ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵਰਕਿੰਗ ਕਮੇਟੀ ਵੱਲੋਂ ਲਏ ਫ਼ੈਸਲਿਆਂ ਤੋਂ ਪ੍ਰੈੱਸ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਅਹਿਮ ਫ਼ੈਸਲੇ ਸ੍ਰੀ ਭੂੰਦੜ ਦੀ ਅਗਵਾਈ ਹੇਠਲੇ ਪਾਰਲੀਮਾਨੀ ਬੋਰਡ ਵੱਲੋਂ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਤੋਂ 20 ਫਰਵਰੀ ਤੱਕ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ 25 ਲੱਖ ਮੈਂਬਰ ਬਣਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਸਮੁੱਚੀ ਪ੍ਰਕਿਰਿਆ ਵਿੱਚ ਤਾਲਮੇਲ ਦੀ ਜ਼ਿੰਮੇਵਾਰੀ ਖ਼ੁਦ ਡਾ. ਚੀਮਾ ਨਿਭਾਉਣਗੇ। ਚੋਣ ਪ੍ਰਕਿਰਿਆ ਲਈ 13 ਸੀਨੀਅਰ ਆਗੂਆਂ ਨੂੰ ਵੱਖ-ਵੱਖ ਸੂਬਿਆਂ ਦੇ ਚੋਣ ਆਬਜ਼ਰਵਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਹਰੇਕ ਜ਼ਿਲ੍ਹੇ ਦੇ ਨਿਗਰਾਨ ਵੀ ਨਿਯੁਕਤ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੰਮੂ ਕਸ਼ਮੀਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਬਜ਼ਰਵਰ ਹੋਣਗੇ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੁੱਚੇ ਮਾਲਵਾ ਖਿੱਤੇ ਦੀ ਨਿਗਰਾਨੀ ਕਰਨਗੇ। ਰਾਜਸਥਾਨ ਵਿੱਚ ਭਰਤੀ ਮੁਹਿੰਮ ਦੇ ਆਬਜ਼ਰਵਰ ਮਨਪ੍ਰੀਤ ਸਿੰਘ ਇਯਾਲੀ, ਹਿਮਾਚਲ ਪ੍ਰਦੇਸ਼ ਦੇ ਸੰਤਾ ਸਿੰਘ ਉਮੈਦਪੁਰੀ, ਹਰਿਆਣਾ ਦੇ ਰਘੂਜੀਤ ਸਿੰਘ ਵਿਰਕ ਤੇ ਬਲਦੇਵ ਸਿੰਘ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਮਨਜੀਤ ਸਿੰਘ ਜੀਕੇ, ਮਾਲੇਰਕੋਟਲਾ ਦੇ ਇਕਬਾਲ ਸਿੰਘ ਝੂੰਦਾਂ ਅਤੇ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਆਬਜ਼ਰਵਰ ਹੋਣਗੇ। ਇਸੇ ਤਰ੍ਹਾਂ ਸਮੁੱਚੇ ਜ਼ਿਲ੍ਹਿਆਂ ਦੇ ਆਬਜ਼ਰਵਰ ਲਾਏ ਗਏ ਹਨ। ਡਾ. ਚੀਮਾ ਨੇ ਕਿਹਾ ਕਿ ਸਮੁੱਚੀ ਭਰਤੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਤੋਂ ਮਿਲੇ ਆਦੇਸ਼ਾਂ ਮੁਤਾਬਕ ਪਾਰਟੀ ਵੱਲੋਂ ਪਹਿਲੀ ਮਾਰਚ ਤੋਂ 30 ਅਪਰੈਲ ਤੱਕ ਸਵਾ ਲੱਖ ਬੂਟੇ ਲਗਾਏ ਜਾਣਗੇ। ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਸਾਬਕਾ ਵਿਧਾਇਕ ਅਜੈਬ ਸਿੰਘ ਮੁਖਮੈਲਪੁਰ ਦੇ ਦੇਹਾਂਤ ’ਤੇ ਸ਼ੋਕ ਮਤੇ ਪਾਸ ਕੀਤੇ ਗਏ।
ਵਰਕਿੰਗ ਕਮੇਟੀ ਨੇ ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਅਤੇ ਚੰਡੀਗੜ੍ਹ ਯੂਟੀ ਦੇ ਸਲਾਹਕਾਰ ਦਾ ਅਹੁਦਾ ਖ਼ਤਮ ਕੀਤੇ ਜਾਣ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਹੋਈ ਧਾਂਦਲੀ ਨੂੰ ਲੈ ਕੇ ਸਰਕਾਰ ਦੀ ਨਿੰਦਾ ਕੀਤੀ। ਇਸ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਵੱਟੀ ਘੇਸਲ ਦੀ ਆਲੋਚਨਾ ਕੀਤੀ ਗਈ। ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਵੀ ਉੱਠੀ। ਪਿਛਲੇ ਅਰਸੇ ਦੌਰਾਨ ਵਾਪਰੇ ਘਟਨਾਕ੍ਰਮ ’ਤੇ ਨਜ਼ਰ ਮਾਰੀਏ ਤਾਂ ਸਾਲ 2015 ਵਿੱਚ ਹੋਈਆਂ ਬੇਅਦਬੀਆਂ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਨਾਲ ਅਕਾਲੀ ਦਲ ਦਾ ਮਿਆਰ ਡਿੱਗਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਲਗਾਤਾਰ ਚੋਣਾਂ ਹਾਰਨ ਅਤੇ ਮਗਰੋਂ ਅਕਾਲੀ ਦਲ ਵਿੱਚ ਹੋਈ ਬਗਾਵਤ ਨੇ ਸੁਖਬੀਰ ਸਿੰਘ ਬਾਦਲ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਬਾਗੀ ਅਕਾਲੀ ਆਗੂਆਂ ਦੇ ਸੰਦਰਭ ਵਿੱਚ ਡਾ. ਚੀਮਾ ਨੇ ਕਿਹਾ ਕਿ ਜਿਹੜੇ ਆਗੂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ’ਚੋਂ ਬਾਹਰ ਹਨ, ਉਹ ਅਨੁਸ਼ਾਸਨੀ ਕਮੇਟੀ ਕੋਲ ਪੇਸ਼ ਹੋ ਕੇ ਆਪਣਾ ਪੱਖ ਰੱਖਣ ਤਾਂ ਜੋ ਉਨ੍ਹਾਂ ਦੀ ਪਾਰਟੀ ’ਚ ਵਾਪਸੀ ਲਈ ਕੇਸਾਂ ਦੀ ਸੁਣਵਾਈ ਦਾ ਕੰਮ ਮੁਕੰਮਲ ਹੋ ਸਕੇ। ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਜਿਨ੍ਹਾਂ ਆਗੂਆਂ ਨੇ ਭਾਵੁਕ ਹੋ ਕੇ ਅਸਤੀਫ਼ੇ ਦਿੱਤੇ ਸਨ, ਪਾਰਟੀ ਨੇ ਉਨ੍ਹਾਂ ਦੇ ਅਸਤੀਫ਼ੇ ਰੱਦ ਕਰ ਦਿੱਤੇ ਸਨ।
ਵਰਕਿੰਗ ਕਮੇਟੀ ਨੇ ਸੱਤ ਮੈਂਬਰੀ ਕਮੇਟੀ ਤੋਂ ਪਾਸਾ ਵੱਟਿਆ
ਦੱਸਣਯੋਗ ਹੈ ਕਿ ਅਕਾਲ ਤਖ਼ਤ ਵੱਲੋਂ ਨਵੀਂ ਚੋਣ ਪ੍ਰਕਿਰਿਆ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪ੍ਰੰਤੂ ਅੱਜ ਵਰਕਿੰਗ ਕਮੇਟੀ ਨੇ ਇਸ ਕਮੇਟੀ ਤੋਂ ਪਾਸਾ ਵੱਟ ਕੇ ਚੋਣ ਪ੍ਰਕਿਰਿਆ ਐਲਾਨ ਦਿੱਤੀ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਜਾਣੂ ਕਰਵਾ ਦਿੱਤਾ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਸੰਵਿਧਾਨਕ ਤੌਰ ’ਤੇ ਚੋਣ ਨਹੀਂ ਕਰਵਾਈ ਜਾ ਸਕੇਗੀ ਕਿਉਂਕਿ ਇਸ ਨਾਲ ਪਾਰਟੀ ਦੀ ਚੋਣ ਕਮਿਸ਼ਨ ਤੋਂ ਮਾਨਤਾ ਖ਼ਤਰੇ ਵਿੱਚ ਪੈ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਇਸ ਬਾਰੇ ਸਹਿਮਤੀ ਦੇ ਦਿੱਤੀ ਸੀ।
ਅਕਾਲੀ ਦਲ ਦੇ ਸੰਕਟ ’ਤੇ ਇੱਕ ਨਜ਼ਰ
* 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫ਼ਾ ਦਿੱਤਾ।
* 31 ਅਗਸਤ ਨੂੰ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ।
* 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਸੌਂਪਿਆ।
* 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਸੁਖਬੀਰ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਵਿੱਚ ਪ੍ਰਵਾਨ ਕਰਨ ਅਤੇ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਨਵੀਂ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਆਦੇਸ਼ ਦਿੱਤਾ।
* 22 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਸਮਾਂ ਲੰਘਣ ਮਗਰੋਂ ਪਾਰਟੀ ਨੇ 20 ਦਿਨਾਂ ਦੀ ਹੋਰ ਮੋਹਲਤ ਮੰਗੀ।
* 2 ਜਨਵਰੀ ਨੂੰ ਅਕਾਲੀ ਦਲ ਨੇ ਮਾਘੀ ਮੇਲੇ ’ਤੇ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ।
* 10 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ।
ਸੁਖਬੀਰ ਨੂੰ ਬਚਾਉਣ ਲਈ ਕੀਤਾ ਡਰਾਮਾ: ਵਡਾਲਾ ਧੜਾ
ਚੰਡੀਗੜ੍ਹ (ਟਨਸ):
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਡਰਾਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅੱਜ ਇਤਿਹਾਸਕ ਗੁਨਾਹ ਦੇ ਭਾਗੀਦਾਰ ਬਣ ਗਏ ਹਨ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਅੱਜ ਹੋਏ ਫ਼ੈਸਲੇ ਨੂੰ ਪੰਥਕ ਜਮਾਤ ਦੇ ਸਿਰ ਮੜਿ੍ਹਆ ਵੱਡਾ ਪਾਪ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਅਸਤੀਫ਼ਾ ਦੇ ਚੁੱਕੀ ਲੀਡਰਸ਼ਿਪ ਨੂੰ ਬਚਾਉਣ ਅਤੇ ਕਮੇਟੀ ਦੀ ਬਜਾਏ ਪੁਰਾਣੀ ਰਵਾਇਤ ਮੁਤਾਬਕ ਆਬਜ਼ਰਵਰ ਲਗਾ ਕੇ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਲਿਖਤੀ ਸਕਰਿਪਟ ਅਨੁਸਾਰ ਹੀ ਇਹ ਸਾਰਾ ਡਰਾਮਾ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਤਾਂ ਜੋ ਆਪਣੇ ਧੜੇ ਦੇ ਮੈਂਬਰਾਂ ਦੀ ਭਰਤੀ ਕਰਕੇ ਸੁਖਬੀਰ ਦੀ ਮੁੜ ਪ੍ਰਧਾਨਗੀ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਚੰਦੇ ’ਚ ਭਾਰੀ ਗਿਰਾਵਟ: ਏਡੀਆਰ
ਨਵੀਂ ਦਿੱਲੀ:
ਸ਼੍ਰੋਮਣੀ ਅਕਾਲੀ ਦਲ ਜਦੋਂ ਸਿਆਸੀ ਤੌਰ ’ਤੇ ਪੰਜਾਬ ’ਚ ਸੰਘਰਸ਼ ਕਰ ਰਿਹਾ ਹੈ ਤਾਂ ਉਸ ਨੂੰ ਮਿਲੇ ਚੰਦੇ ’ਚ ਭਾਰੀ ਗਿਰਾਵਟ ਦਰਜ ਹੋਈ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ (ਏਡੀਆਰ) ਵੱਲੋਂ ਖੇਤਰੀ ਪਾਰਟੀਆਂ ਨੂੰ ਵਿੱਤੀ ਵਰ੍ਹੇ 2022-23 ’ਚ ਮਿਲੇ ਚੰਦੇ ਬਾਰੇ ਕੀਤੇ ਗਏ ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ। ਏਡੀਆਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਚੰਦੇ ’ਚ 89.1 ਫ਼ੀਸਦ ਦੀ ਗਿਰਾਵਟ ਆਈ ਹੈ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਨੂੰ ਮਿਲੇ ਚੰਦੇ ’ਚ 99.1 ਫ਼ੀਸਦੀ ਗਿਰਾਵਟ ਦਰਜ ਹੋਈ ਹੈ। ਏਡੀਆਰ ਨੇ ਕਿਹਾ ਕਿ ਅਧਿਐਨ ਕੀਤੀਆਂ ਗਈਆਂ 57 ਪਾਰਟੀਆਂ ’ਚੋਂ ਸਿਰਫ਼ 18 ਨੇ ਚੋਣ ਕਮਿਸ਼ਨ ਕੋਲ ਤੈਅ ਸਮੇਂ ਦੇ ਅੰਦਰ ਚੰਦੇ ਬਾਰੇ ਆਪਣੀਆਂ ਰਿਪੋਰਟਾਂ ਜਮਾਂ ਕਰਵਾਈਆਂ ਹਨ। 28 ਖੇਤਰੀ ਪਾਰਟੀਆਂ ਵੱਲੋਂ ਐਲਾਨੇ ਗਏ ਕੁੱਲ 2,119 ਚੰਦਿਆਂ ਦਾ ਅਧਿਐਨ ਕੀਤਾ ਗਿਆ ਜਿਸ ਦੀ ਕੁੱਲ ਰਕਮ 216.765 ਕਰੋੜ ਰੁਪਏ ਬਣਦੀ ਹੈ। ਜ਼ਿਕਰਯੋਗ ਹੈ ਕਿ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਚੰਦਾ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਦੱਸਣੀ ਪੈਂਦੀ ਹੈ। ਏਡੀਆਰ ਮੁਤਾਬਕ ਝਾਰਖੰਡ ਮੁਕਤੀ ਮੋਰਚਾ, ਜਨਨਾਇਕ ਜਨਤਾ ਪਾਰਟੀ, ਤੇਲਗੂ ਦੇਸਮ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਨੂੰ ਚੰਦੇ ਰਾਹੀਂ ਵਧ ਪੈਸਾ ਮਿਲਿਆ ਹੈ। ਬੀਜੂ ਜਨਤਾ ਦਲ ਅਤੇ ਨੈਸ਼ਨਲ ਕਾਨਫਰੰਸ ਸਮੇਤ ਸੱਤ ਪਾਰਟੀਆਂ ਨੇ ਕਿਸੇ ਚੰਦੇ ਦਾ ਐਲਾਨ ਨਹੀਂ ਕੀਤਾ ਹੈ। -ਪੀਟੀਆਈ