Punjab News: ਪਿੰਡ ਸਿਵੀਆਂ ’ਚ ਪੁੱਤਰ ਵੱਲੋਂ ਪਿਤਾ ਦੀ ਗੋਲੀ ਮਾਰ ਕੇ ਹੱਤਿਆ
ਮਨੋਜ ਸ਼ਰਮਾ
ਬਠਿੰਡਾ, 23 ਮਈ
Son killed his father: ਇੱਥੋਂ ਦੇ ਥਾਣਾ ਥਰਮਲ ਅਧੀਨ ਪੈਂਦੇ ਪਿੰਡ ਸਿਵੀਆਂ 'ਚ ਪੁੱਤਰ ਨੇ ਆਪਣੇ ਹੀ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ 70 ਸਾਲਾ ਵਰਿੰਦਰ ਸਿੰਘ ਬੀਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਿਤਾ-ਪੁੱਤਰ ਦਰਮਿਆਨ ਜ਼ਮੀਨ ਅਤੇ ਪੈਸਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜੋ ਅਖੀਰ ਖੂਨੀ ਰੂਪ ਧਾਰ ਗਿਆ। ਵਿਵਾਦ ਦੌਰਾਨ ਪੁੱਤਰ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਉ ਉੱਤੇ ਆਪਣੀ 12 ਬੋਰ ਦੀ ਰਾਇਫਲ ਨਾਲ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹੱਤਿਆ ਬੀਤੀ ਦੇਰ ਕੀਤੀ ਗਈ ਤੇ ਇਸ ਨੂੰ ਛੁਪਾਉਣ ਦੀ ਮਨਸ਼ਾ ਨਾਲ ਉਸ ਨੇ ਘਰ ਵਿੱਚ ਹੀ ਪਿਤਾ ਦੀ ਲਾਸ਼ ਦਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਭਿਣਕ ਮਿਲਦੇ ਹੀ ਥਾਣਾ ਥਰਮਲ ਦੀ ਪੁਲੀਸ ਨੇ ਸਮੇਂ ਸਿਰ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਾਟ ਵਿਚ ਰਖਵਾ ਦਿੱਤਾ। ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਰਮਜ਼ ਐਕਟ ਅਧੀਨ ਯਾਦਵਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ ਬੀਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕਾਰਨ ਪਿੰਡ ਅਤੇ ਇਲਾਕੇ 'ਚ ਸੋਗ ਅਤੇ ਹੈਰਾਨੀ ਦਾ ਮਾਹੌਲ ਬਣਿਆ ਹੋਇਆ ਹੈ।