Punjab news ਨਸ਼ੇ ਕਰਨ ਤੋਂ ਰੋਕਣ ਕਰਕੇ ਪੁੱਤ ਵੱਲੋਂ ਪਿਉ ਦੀ ਹੱਤਿਆ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 16 ਮਈ
ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ ਨਸ਼ੇ ਦੇ ਆਦੀ ਪੁੱਤ ਨੇ ਪਿਤਾ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਦੋਸ਼ੀ ਪੁੱਤਰ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੋਟਸੁਖੀਆ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਦਾ ਪੁੱਤਰ ਪ੍ਰਗਟ ਸਿੰਘ ਨਸ਼ੇ ਕਰਨ ਦਾ ਆਦੀ ਹੈ। ਪਿੰਡ ਵਾਸੀਆਂ ਮੁਤਾਬਕ ਨਸ਼ੇ ਦੀ ਪੂਰਤੀ ਲਈ ਪ੍ਰਗਟ ਸਿੰਘ ਲੋਕਾਂ ਦੇ ਘਰਾਂ ਵਿੱਚੋਂ ਸਮਾਨ ਚੋਰੀ ਕਰਕੇ ਲੈ ਆਉਂਦਾ ਸੀ ਅਤੇ ਅਤੇ ਪਰਮਜੀਤ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਬੀਤੀ ਰਾਤ ਵੀ ਪ੍ਰਗਟ ਸਿੰਘ ਨਸ਼ੇ ਦੀ ਹਾਲਤ ਵਿੱਚ ਪਹੁੰਚਿਆ ਤਾਂ ਪਰਮਜੀਤ ਸਿੰਘ ਉਸ ਨੂੰ ਸਮਝਾਉਣਾ ਲੱਗਾ। ਇਸ ਦੌਰਾਨ ਦੋਨਾਂ ਵਿੱਚ ਤਕਰਾਰ ਹੋ ਗਈ ਤੇ ਗੁੱਸੇ ਵਿੱਚ ਆਏ ਪਰਗਟ ਸਿੰਘ ਨੇ ਲੱਕੜ ਦਾ ਟੰਬਾ ਚੁੱਕ ਕੇ ਪਿਤਾ ਦੇ ਸਿਰ ਵਿੱਚ ਮਾਰਿਆ। ਜਿਸ ਕਾਰਨ ਪਰਮਜੀਤ ਸਿੰਘ ਡਿੱਗ ਪਿਆ, ਪਰ ਪਰਗਟ ਉਸ ’ਤੇ ਉਦੋਂ ਤੱਕ ਵਾਰ ਕਰਦਾ ਰਿਹਾ ਜਦੋਂ ਤੱਕ ਪਰਮਜੀਤ ਸਿੰਘ ਦੀ ਮੌਤ ਨਹੀਂ ਹੋ ਗਈ। ਮੌਕੇ ’ਤੇ ਪਰਗਟ ਦੀ ਮਾਂ ਜਸਪਾਲ ਕੌਰ ਨੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ, ਪਰ ਉਦੋਂ ਤੱਕ ਘਟਨਾ ਨੂੰ ਅੰਜਾਮ ਦੇ ਕੇ ਪ੍ਰਗਟ ਸਿੰਘ ਫ਼ਰਾਰ ਹੋ ਗਿਆ।
ਥਾਣਾ ਸਦਰ ਕੋਟਕਪੂਰਾ ਦੇ ਐੱਸਐੱਚਓ ਚਮਕੌਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ।