Punjab News: ਦੋ ਭਰਾਵਾਂ ’ਤੇ ਡਿੱਗੀ ਸਾਈਨ ਬੋਰਡ ਦੀ ਦੀਵਾਰ, 1 ਹਲਾਕ ਤੇ ਦੂਜਾ ਜ਼ਖ਼ਮੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 12 ਮਾਰਚ
ਨਜ਼ਦੀਕੀ ਪਿੰਡ ਚਬਰੇਵਾਲ ਵਿਖੇ ਸੜਕ ਕਿਨਾਰੇ ਲਗੇ ਇੱਕ ਸਾਈਨ ਬੋਰਡ ਦੀ ਦੀਵਾਰ ਡਿੱਗਣ ਨਾਲ ਇੱਕ ਭਰਾ ਦੀ ਮੌਤ ਹੋ ਗਈ ਤੇ ਦੂਜਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਈਨ ਬੋਰਡ ਦੀ ਦੀਵਾਰ ਥੱਲੇ ਆਉਣ ਵਾਲੇ ਦੋਵੇਂ ਸਕੇ ਭਰਾ ਦੱਸੇ ਗਏ ਹਨ।
ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ (14) ਵਜੋਂ ਹੋਈ ਹੈ ਤੇ ਜ਼ਖ਼ਮੀ ਹੋਇਆ ਉਸ ਦਾ ਛੋਟਾ ਭਰਾ ਰਾਜਵੀਰ (13) ਹੈ, ਜੋ ਸਿਵਲ ਹਸਪਤਾਲ ਰੂਪਨਗਰ ਜ਼ੇਰੇ ਇਲਾਜ ਹੈ, ਜਿਸ ਦੀ ਖੱਬੀ ਲੱਤ ਟੁੱਟ ਗਈ ਹੈ। ਇਹ ਜਾਣਕਾਰੀ ਦਿੰਦਿਆਂ ਨੂਰਪੁਰ ਬੇਦੀ ਪੁਲੀਸ ਥਾਣੇ ਦੇ ਏਐਸਆਈ ਪ੍ਰਦੀਪ ਸ਼ਰਮਾ ਨੇ ਦਿੱਤੀ ਹੈ।
ਏਐਸਆਈ ਨੇ ਕਿਹਾ ਕਿ ਮ੍ਰਿਤਕ ਬੱਚੇ ਦੀ ਮਾਤਾ ਗੁਰਬਖਸ਼ ਕੌਰ ਪਤਨੀ ਪ੍ਰੀਤਮ ਸਿੰਘ ਪਿੰਡ ਕਰੂਰਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਦੁਪਹਿਰ ਬਾਅਦ ਤਕਰੀਬਨ 1 ਵੱਜੇ ਪਿੰਡ ਚਬਰੇਵਾਲ ਦੀ ਵੇਰਕਾ ਡੇਅਰੀ ਲਾਗੇ ਇੱਕ ਸਾਈਨ ਬੋਰਡ ਦੀ ਦੀਵਾਰ ਡਿਗੀ ਪਈ, ਜਿਥੇ ਲੋਕਾਂ ਦੀ ਕਾਫ਼ੀ ਭੀੜ ਸੀ। ਦੀਵਾਰ ਇੱਕ ਡੂੰਘੇ ਖੇਤ ਵਿੱਚ ਖੇਡ ਰਹੇ ਉਸ ਦੇ ਦੋਵੇ ਬੱਚਿਆਂ ’ਤੇ ਡਿਗੀ ਅਤੇ ਦੋਵੇ ਬੱਚੇ ਗੰਭੀਰ ਜ਼ਖ਼ਮੀ ਸਨ।
ਦੋਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਿੰਘਪੁਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨਿਆ ਤੇ ਦੂਜੇ ਦੀ ਨਾਜ਼ੁਕ ਹਾਲਤ ਨੂੰ ਦੇਖਦਿਆ ਰੂਪਨਗਰ ਭੇਜਿਆ ਗਿਆ ਹੈ।