Punjab News: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਪੰਜ ਪਿਆਰਿਆਂ ਨੇ ਲਾਈ ਤਨਖ਼ਾਹ
* ਬੀਬੀ ਜਗੀਰ ਕੌਰ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਦਾ ਮਾਮਲਾ
* ਹਰਿਮੰਦਰ ਸਾਹਿਬ ’ਚ ਜੋੜੇ ਸਾਫ਼ ਕਰਨ, ਜੂਠੇ ਬਰਤਨ ਮਾਂਜਣ ਅਤੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਦੀ ਸਜ਼ਾ ਪੂਰੀ ਕੀਤੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਦਸੰਬਰ
ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਨੇ ਤਨਖਾਹ ਲਾਈ। ਪੰਜ ਪਿਆਰਿਆਂ ਅੱਗੇ ਪੇਸ਼ ਹੋਏ ਧਾਮੀ ਨੂੰ ਇਕ ਦਿਨ ਲਈ ਸੰਗਤ ਦੇ ਜੋੜੇ ਸਾਫ਼ ਕਰਨ, ਜੂਠੇ ਬਰਤਨ ਮਾਂਜਣ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਦੇ ਆਦੇਸ਼ ਦਿੱਤੇ ਗਏ ਜਿਸ ਮਗਰੋਂ ਉਨ੍ਹਾਂ ਹਰਿਮੰਦਰ ਸਾਹਿਬ ’ਚ ਇਸ ਧਾਰਮਿਕ ਸਜ਼ਾ ਨੂੰ ਪੂਰਾ ਕੀਤਾ। ਧਾਮੀ ਨੇ ਬੀਤੇ ਦਿਨੀਂ ਬੀਬੀ ਜਗੀਰ ਕੌਰ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਬੋਲੇ ਸਨ ਜਿਸ ਦੀ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਉਨ੍ਹਾਂ ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਦੇ ਕੇ ਮੁਆਫ਼ੀ ਮੰਗੀ ਸੀ ਅਤੇ ਬੀਬੀ ਜਗੀਰ ਕੌਰ ਅਤੇ ਮਹਿਲਾਵਾਂ ਕੋਲੋਂ ਵੀ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਸੀ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਘਟਨਾ ਦਾ ਨੋਟਿਸ ਲੈਂਦਿਆਂ ਧਾਮੀ ਨੂੰ ਸੰਮਨ ਜਾਰੀ ਕੀਤੇ ਸਨ। ਉਨ੍ਹਾਂ ਮਹਿਲਾ ਕਮਿਸ਼ਨ ਕੋਲ ਪੇਸ਼ ਹੋ ਕੇ ਮੁਆਫ਼ੀ ਮੰਗ ਲਈ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਸਤੇ ਗਏ ਸਨ, ਜਿਨ੍ਹਾਂ ਦੇ ਆਦੇਸ਼ ਮਗਰੋਂ ਉਹ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਪੰਜ ਪਿਆਰਿਆਂ ਨੇ ਧਾਮੀ ਨੂੰ ਇੱਕ ਦਿਨ ਵਾਸਤੇ ਤਨਖਾਹ ਲਾਉਂਦਿਆਂ ਇੱਕ ਘੰਟਾ ਜੋੜਾ ਘਰ ਵਿੱਚ ਸੰਗਤ ਦੇ ਜੋੜੇ ਝਾੜਨ, ਇੱਕ ਘੰਟਾ ਲੰਗਰ ਘਰ ਵਿੱਚ ਜੂਠੇ ਬਰਤਨ ਮਾਂਜਣ ਦੇ ਨਾਲ-ਨਾਲ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਅਤੇ ਮਗਰੋਂ 500 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਅਕਾਲ ਤਖ਼ਤ ਦੇ ਆਦੇਸ਼ ਮੰਨਦਿਆਂ ਜੋੜਾ ਘਰ ਵਿੱਚ ਇੱਕ ਘੰਟੇ ਜੋੜੇ ਸਾਫ਼ ਕਰਨ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਜੂਠੇ ਬਰਤਨ ਸਾਫ਼ ਕਰਨ ਅਤੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਦੀ ਆਪਣੀ ਸੇਵਾ ਪੂਰੀ ਕੀਤੀ।