Punjab News: ਚੌੜਾ ਨੂੰ ਪੰਥ ’ਚੋਂ ਛੇਕਣ ਵਾਲਾ ਮਤਾ ਰੱਦ ਕਰੇ ਐੱਸਜੀਪੀਸੀ: ਦਲ ਖਾਲਸਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਦਸੰਬਰ
ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਦਲ ਖ਼ਾਲਸਾ ਨੇ ਪੰਥਕ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨਾਲ ਮਿਲ ਕੇ ਅਕਾਲ ਤਖ਼ਤ ਸਾਹਿਬ ’ਤੇ ਮੰਗ ਪੱਤਰ ਦਿੰਦਿਆਂ ਪੰਜ ਸਿੰਘ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਇਸ ਮਤੇ ਨੂੰ ਰੱਦ ਕਰ ਦੇਣ।
ਦਲ ਖ਼ਾਲਸਾ ਵੱਲੋਂ ਸੱਦੀ ਮੀਟਿੰਗ ਤੋਂ ਪਹਿਲਾਂ ਜਥੇਬੰਦੀ ਨਾਲ ਜੁੜੇ ਮੈਂਬਰਾਂ ਤੇ ਵਰਕਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਤੋਂ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਭਾਈ ਚੌੜਾ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਅੱਜ ਦੇ ਦਿਨ ਸੱਚਖੰਡ ਦਰਬਾਰ ਸਾਹਿਬ ਅੰਦਰ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਘਟਨਾ ਦੇ ਤਿੰਨ ਸਾਲ ਪੂਰੇ ਹੋਣ ’ਤੇ ਅਰਦਾਸ ਕੀਤੀ। ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦੋਸ਼ ਲਾਇਆ ਕਿ ਇਕ ਸਾਜ਼ਿਸ਼ ਤਹਿਤ ਤਿੰਨ ਸਾਲ ਪਹਿਲਾਂ ਇਸ ਗੁਨਾਹ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਬਾਰੇ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨਾਲ ਹਾਲ ਹੀ ਵਿਚ ਕੀਤੀ ਮੁਲਾਕਾਤ ਬਾਰੇ ਦੱਸਿਆ। ਹੋਰ ਸਿੱਖ ਆਗੂਆਂ ਨੇ ਕਿਹਾ ਕਿ ਜੇ ਨਰਾਇਣ ਸਿੰਘ ਨੂੰ ਪੰਖ ਵਿੱਚੋ ਛੇਕਣ ਦਾ ਕੋਈ ਫੈਸਲਾ ਹੁੰਦਾ ਹੈ ਤਾਂ ਉਸ ਦਾ ਸਖਤ ਵਿਰੋਧ ਹੋਵੇਗਾ।