Punjab News: ਗੁਰਦੁਆਰਾ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਂਦਿਆਂ ਡਿੱਗਣ ਕਾਰਨ ਸੇਵਾਦਾਰ ਦੀ ਮੌਤ
ਲੰਬੇ ਸਮੇਂ ਤੋਂ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਦੀ ਸੇਵਾ ਕਰਦਾ ਆ ਰਿਹਾ ਸੀ ਸਤਨਾਮ ਸਿੰਘ
ਹਰਜੀਤ ਸਿੰਘ ਪਰਮਾਰ
ਬਟਾਲਾ, 31 ਜਨਵਰੀ
Punjab News: ਇੱਥੋਂ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ੁੱਕਰਵਾਰ ਨੂੰ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਂਦੇ ਸਮੇਂ ਤਾਰ ਟੁੱਟਣ ਕਾਰਨ ਹੇਠਾਂ ਡਿੱਗਣ ਕਰ ਕੇ ਇੱਕ ਸੇਵਾਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਾਲੇਵਾਲ ਵਜੋਂ ਹੋਈ ਹੈ।
ਡਿੱਗਣ ਕਾਰਨ ਗੰਭੀਰ ਜ਼ਖਮੀ ਹੋਏ ਸਤਨਾਮ ਸਿੰਘ ਨੂੰ ਤੁਰੰਤ ਬਟਾਲਾ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਸਤਨਾਮ ਸਿੰਘ ਗੁਰਦੁਆਰਾ ਕੰਧ ਸਾਹਿਬ ਵਿੱਚ ਆਰਜ਼ੀ ਤੌਰ 'ਤੇ ਬਿਜਲੀ ਮਕੈਨਿਕ ਵਜੋਂ ਸੇਵਾ ਨਿਭਾਅ ਰਿਹਾ ਸੀ ਅਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਵੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ।
ਅੱਜ ਸਵੇਰੇ ਜਦੋਂ ਉਹ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਦੀ ਸੇਵਾ ਕਰਨ ਲਈ 70 ਫੁੱਟ ਉੱਚੇ ਨਿਸ਼ਾਨ ਸਾਹਿਬ 'ਤੇ ਚੜ੍ਹਿਆ ਤਾਂ ਅਚਾਨਕ ਤਾਰ ਟੁੱਟ ਗਈ ਅਤੇ ਉਹ ਹੇਠਾਂ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ 'ਤੇ ਥਾਣਾ ਸਿਟੀ ਦੀ ਪੁਲੀਸ ਨੇ ਸਤਨਾਮ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ 'ਚ ਰਖਵਾ ਦਿੱਤਾ ਹੈ। ਇਸ ਘਟਨਾ ਕਾਰਨ ਸੰਗਤਾਂ 'ਚ ਸੋਗ ਦੀ ਲਹਿਰ ਹੈ।