Punjab News - Road Accident: ਜੁਗਾੜੂ ਰੇਹੜੀ ਨਾਲ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਫਰਵਰੀ
Punjab News - Road Accident: ਲਹਿਰਾਗਾਗਾ ਸੁਨਾਮ ਮੁੱਖ ਸੜਕ ’ਤੇ ਬੀਬੀ ਭੱਠਲ ਦੀ ਕੋਠੀ ਨੇੜੇ ਮੰਗਲਵਾਰ ਸ਼ਾਮ ਵਾਪਰੇ ਇਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਬੁੱਧਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੰਦ ਲਾਲ ਪੁੱਤਰ ਸੁਰੇਸ਼ ਕੁਮਾਰ, ਵਾਸੀ ਲਹਿਰਾਗਾਗਾ ਵਜੋਂ ਹੋਈ ਹੈ।
ਜ਼ਖ਼ਮੀ ਹਾਲਤ ਵਿਚ ਨੰਦ ਲਾਲ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਭੇਜ ਦਿੱਤਾ, ਪਰ ਉਸ ਦੀ ਪਟਿਆਲਾ ਵਿਚ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਨੰਦ ਲਾਲ ਦੇ ਰਿਸ਼ਤੇਦਾਰ ਪਾਲਾ ਰਾਮ ਅਨੁਸਾਰ ਨੰਦ ਲਾਲ ਪੈਟਰੌਲ ਪੰਪ ਤੋਂ ਸ਼ਹਿਰ ਵੱਲ ਦਵਾਈ ਲੈਣ ਲਈ ਮੋਟਰਸਾਈਕਲ ਲੈ ਕੇ ਨਿਕਲਿਆ ਸੀ। ਅਜੇ ਉਹ ਥੋੜ੍ਹਾ ਦੂਰ ਹੀ ਗਿਆ ਸੀ ਕਿ ਇੱਕ ਜਗਾੜੂ ਰੇਹੜੀ ਨਾਲ ਉਸ ਦਾ ਹਾਦਸਾ ਵਾਪਰ ਗਿਆ ਹੈ।
ਪੁਲੀਸ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨੰਦ ਲਾਲ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।