Punjab News - Road Accident: ਸ਼ਰਾਬੀ ‘ਚੇਲੇ’ ਨੇ ਥਾਣੇਦਾਰ ਦੀ ਕਾਰ ਨਾਲ i20 ਨੂੰ ਮਾਰੀ ਟੱਕਰ, 2 ਔਰਤਾਂ ਸਣੇ 3 ਜ਼ਖ਼ਮੀ
ਹਰਦੀਪ ਸਿੰਘ
ਧਰਮਕੋਟ, 7 ਜਨਵਰੀ
Punjab News - Road Accident: ਇਸ ਸਬ ਡਿਵੀਜ਼ਨ ਦੇ ਥਾਣਾ ਮਹਿਣਾ ਦੇ ਸਫ਼ਾਈ ਸੇਵਕ ਮਨਜੀਤ ਸਿੰਘ ਉਰਫ ਚੇਲਾ ਨੇ ਲੰਘੀ ਦੇਰ ਸ਼ਾਮ ਕਥਿਤ ਸ਼ਰਾਬੀ ਹਾਲਤ ਵਿਚ ਡਰਾਈਵਿੰਗ ਕਰਦਿਆਂ ਮੋਗਾ-ਲੁਧਿਆਣਾ ਹਾਈਵੇਅ ਉੱਤੇ ਜਗਰਾਉਂ ਜਾ ਰਹੀ ਆਈ20 (i20) ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ i20 ਕਾਰ ਵਿਚ ਸਵਾਰ ਦੋ ਔਰਤਾਂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ।
ਜ਼ਖ਼ਮੀ ਕਾਰ ਸਵਾਰ ਮੁਕਤਸਰ ਨਜ਼ਦੀਕ ਮੰਡੀ ਬਰੀਵਾਲਾ ਦੇ ਦੱਸੇ ਜਾ ਰਹੇ ਹਨ, ਜੋ ਜਗਰਾਉਂ ਵਿਖੇ ਇਕ ਡਾਕਟਰ ਤੋਂ ਦਵਾਈ ਲੈਣ ਜਾ ਰਹੇ ਸਨ। ਸਾਰੇ ਜ਼ਖਮੀਆਂ ਨੂੰ ਮੋਗਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਲੰਘੀ ਸ਼ਾਮ ਪੰਜ ਵਜੇ ਦੇ ਕਰੀਬ ਵਾਪਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਮਹਿਣਾ ਦਾ ਸਫ਼ਾਈ ਸੇਵਕ ਦੱਸਿਆ ਜਾਂਦਾ ਮਨਜੀਤ ਸਿੰਘ ਉਰਫ ਚੇਲਾ ਆਪਣੇ ਕਿਸੇ ਕੰਮ ਥਾਣੇ ’ਚ ਤਾਇਨਾਤ ਸਹਾਇਕ ਥਾਣੇਦਾਰ ਇਕਬਾਲ ਸਿੰਘ ਦੀ ਸਵਿਫਟ ਕਾਰ ਮੰਗਵੀਂ ਲੈ ਕੇ ਨਜ਼ਦੀਕ ਪਿੰਡ ਗਿਆ ਸੀ। ਵਾਪਸੀ ਉੱਤੇ ਉਸ ਨੇ ਕਥਿਤ ਤੌਰ ’ਤੇ ਸ਼ਰਾਬ ਪੀ ਲਈ। ਜਦੋਂ ਉਹ ਥਾਣੇ ਨਜ਼ਦੀਕ ਪੁੱਜਾ ਤਾਂ ਉਸ ਨੇ ਅਣਗਹਿਲੀ ਨਾਲ ਆਪਣੀ ਤੇਜ਼ ਰਫ਼ਤਾਰ ਕਾਰ ਲਿੰਕ ਸੜਕ ਤੋਂ ਹਾਈਵੇ ਉੱਤੇ ਚੜ੍ਹਾ ਦਿੱਤੀ।
ਇਸੇ ਦੌਰਾਨ ਹੀ ਮੋਗਾ ਵਲੋਂ ਆ ਰਹੀ ਆਈ20 ਕਾਰ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਆਈ20 ਕਾਰ ਸੜਕ ਉੱਤੇ 6 ਪਲਟੀਆਂ ਖਾ ਗਈ ਪਰ ਖੁਸ਼ਕਿਸਮਤ ਨਾਲ ਸਾਰੇ ਸਵਾਰ ਵਾਲ ਵਾਲ ਬਚ ਗਏ। ਪੁਲੀਸ ਪਾਸ ਜ਼ਖ਼ਮੀ ਕਾਰ ਚਾਲਕ ਜਸਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੰਡੀ ਬਰੀਵਾਲਾ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਥਾਣਾ ਮੁਖੀ ਇਕਬਾਲ ਹੁਸੈਨ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਨਜੀਤ ਸਿੰਘ ਉਰਫ ਚੇਲਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਡਾਕਟਰੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।