Punjab News - Road Accident: ਟਰੈਕਟਰ ਤੇ ਕਾਰ ਦੀ ਸਿੱਧੀ ਟੱਕਰ ਕਾਰਨ ਬੱਸ ਕੰਡਕਟਰ ਹਲਾਕ
ਦਲਜੀਤ ਸਿੰਘ ਸੰਧੂ
ਝੁਨੀਰ, 7 ਫਰਵਰੀ
Punjab News - Road Accident: ਭੰਮੇ ਕਲਾਂ ਮਾਨਸਾ ਹਾਈਵੇ ’ਤੇ ਟਰੈਕਟਰ ਤੇ ਕਾਰ ’ਚ ਸਿੱਧੀ ਟੱਕਰ ਹੋ ਜਾਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਉਸ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਬਾਬੂ ਸਿੰਘ, ਪਿੰਡ ਚਹਿਲਾਂ ਵਾਲੀ ਖਿਆਲੀ ਵਜੋਂ ਹੋਈ ਹੈ।
ਗੁਰਜੀਤ ਸਿੰਘ ਆਪਣੇ ਪਿੱਛੇ ਪਤਨੀ ਬਲਜੀਤ ਕੌਰ ਅਤੇ ਪੁੱਤਰ ਫਹਿਤਵੀਰ ਸਿੰਘ (ਡੇਢ ਸਾਲ) ਨੂੰ ਛੱਡ ਗਿਆ ਹੈ। ਉਹ ਕਿੱਤੇ ਵਜੋਂ ਬੱਸ ਕੰਡਕਟਰ ਸੀ ਅਤੇ ਸ਼ਾਮ ਨੂੰ ਮਾਨਸਾ ਵੱਲ ਜਾ ਰਿਹਾ ਸੀ, ਕਿ ਇਹ ਹਾਦਸਾ ਵਾਪਰ ਗਿਆ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਉਸ ਦੀ ਗੱਡੀ ਭੰਮੇ ਕਲਾਂ ਕੋਲ ਪਹੁੰਚੀ ਤਾਂ ਉਸ ਦੀ ਮਾਨਸਾ ਵੱਲੋਂ ਆ ਰਹੇ ਅਰਜਨ ਮਹਿੰਦਰਾਂ ਟਰੈਕਟਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਤੇ ਟਰੈਕਟਰ, ਦੋਵੇਂ ਵਾਹਨਾਂ ਦੇ ਪਰਖਚੇ ਉੱਡ ਗਏ। ਹਾਦਸੇ ਦਾ ਮੁੱਖ ਕਾਰਨ ਸਰਦੂਲਗੜ੍ਹ ਤੋਂ ਮਾਨਸਾ ਰੋਡ ਤੱਕ ਸੜਕ ਉਤੇ ਬਹੁਤ ਜ਼ਿਆਦਾ ਖੱਡੇ ਹੋਣਾ ਸਮਝਿਆ ਜਾਂਦਾ ਹੈ।
ਡਰਾਈਵਰ ਖੱਡਿਆਂ ਤੋਂ ਬਚਦੇ ਬਚਦੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਹਨ। ਠੇਕੇਦਾਰ ਭਾਵੇਂ ਪੰਜ ਸਾਲ ਤੱਕ ਸੜਕ ਦੀ ਸਾਂਭ-ਸੰਭਾਲ ਵਾਸਤੇ ਸਰਕਾਰ ਤੋਂ ਪੈਸੇ ਲੈਂਦੇ ਹਨ ਪਰ ਸੜਕ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਹੀਂ ਕਰਦੇ। ਇਸ ਕਾਰਨ ਇਹ ਹਾਦਸਿਆਂ ਵਿਚ ਕੀਮਤੀ ਇਨਸਾਨੀ ਜਾਨਾਂ ਚਲੀਆਂ ਜਾਂਦੀਆਂ ਹਨ।
ਝੁਨੀਰ ਪੁਲੀਸ ਮੁਤਾਬਕ ਟਰੈਕਟਰ ਚਾਲਕ ਗੁਰਨਾਮ ਸਿੰਘ ਹੀਰਕੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।