Punjab News: ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥਣ ਜਸਵੰਤ ਕੌਰ ਮਣੀ ਦਾ ਦੇਹਾਂਤ
ਮਾਂ ਬੋਲੀ ਦੀ ਸੰਭਾਵਨਾਵਾਂ ਭਰਪੂਰ ਕਲਮਕਾਰ ਸੀ ਮਣੀ: ਡਾ. ਦਰਸ਼ਨ ਸਿੰਘ ਆਸ਼ਟ
ਮਨੋਜ ਸ਼ਰਮਾ
ਬਠਿੰਡਾ, 18 ਜਨਵਰੀ
ਪੰਜਾਬੀ ਯੂਨੀਵਸਿਟੀ ਦੀ ਹੋਣਹਾਰ ਖੋਜਾਰਥਣ ਤੇ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਇਸ ਫਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ ਹਨ। ਪੱਤਰਕਾਰ ਅੰਗਰੇਜ਼ ਸਿੰਘ ਵਿੱਕੀ ਦੀ ਹੋਣਹਾਰ ਭਤੀਜੀ ਜਸਵੰਤ ਕੌਰ ਮਣੀ (33) ਸਪੁੱਤਰੀ ਗੁਰਤੇਜ ਸਿੰਘ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੀ ਇਹ ਹੋਣਹਾਰ ਲੜਕੀ ਹੁਣੇ ਹੁਣੇ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਲੈਕਚਰਾਰ ਚੁਣੀ ਗਈ ਸੀ ਅਤੇ ਉਸਨੇ ਆਪਣੀ ਡਿਊਟੀ ਤੇ ਜਲਦੀ ਹੀ ਹਾਜ਼ਰ ਹੋਣਾ ਸੀ। ਮਣੀ ਦੇ ਦਿਹਾਂਤ ਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਮਣੀ ਦੇ ਅਚਾਨਕ ਅਕਾਲ ਚਲਾਣੇ ਨਾਲ ਪੰਜਾਬੀ ਮਾਂ ਬੋਲੀ ਅਤੇ ਸਿੱਖਿਆ ਜਗਤ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਸਾਹਿਤ ਸਭਾ ਪਟਿਆਲਾ ਵਿੱਚ ਸ਼ਮੂਲੀਅਤ ਕਰਨ ਵਾਲੀ ਮਣੀ ਦੇ ਖੋਜ ਭਰਪੂਰ ਤੇ ਮੁੱਲਵਾਨ ਮਜ਼ਮੂਨ ਅਤੇ ਹੋਰ ਲਿਖਤਾਂ ਪੰਜਾਬੀ ਦੀਆਂ ਪ੍ਰਸਿੱਧ ਅਖਬਾਰਾਂ ਰਸਾਲਿਆਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਸਨ।
ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਗੁਰਮੁਖ ਸਿੰਘ, ਡਾ. ਰਾਜਵੰਤ ਕੌਰ ਪੰਜਾਬੀ ਅਤੇ ਡਾ. ਬਰਿੰਦਰ ਕੌਰ, ਲਛਮਣ ਸਿੰਘ ਮਲੂਕਾ, ਦਰਸ਼ਨ ਸਿੰਘ ਬਨੂੰੜ, ਤਰਸੇਮ ਸਿੰਘ ਬੁੱਟਰ, ਜਗਦੇਵ ਸਿੰਘ ਧਾਲੀਵਾਲ, ਸੁਖਤੇਜ ਸਿੰਘ ਧਾਲੀਵਾਲ, ਸੁਰਿੰਦਰਪਾਲ ਸਿੰਘ ਬੱਲੂਆਣਾ, ਡਾਕਟਰ ਗੁਰਦੀਪ ਸਿੰਘ ਘੁੱਦਾ, ਸਿੱਪੀ ਭਾਕਰ, ਗੁਰਦੇਵ ਸਿੰਘ ਬਰਾੜ, ਜਸਮੇਲ ਸਿੰਘ ਕੋਟਗੁਰੂ, ਬਲਜਿੰਦਰ ਸਿੰਘ ਕੋਟਭਾਰਾ, ਅੰਮ੍ਰਿਤਪਾਲ ਸਿੰਘ ਵਲਾਹਨ, ਰਾਜ ਕੁਮਾਰ ਸੰਗਤ, ਬਿੱਕਰ ਸਿੰਘ ਛੀਨਾ, ਪਰਤਾਪ ਅਤੇ ਹੋਰ ਅਧਿਆਪਕਾਂ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਡਾ. ਹਰਪ੍ਰੀਤ ਸਿੰਘ ਰਾਣਾ, ਸੁਖਦੇਵ ਸਿੰਘ ਸ਼ਾਂਤ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ, ਬਲਬੀਰ ਸਿੰਘ ਦਿਲਦਾਰ ਅਤੇ ਕ੍ਰਿਸ਼ਨ ਧੀਮਾਨ, ਪਿੰਡ ਕੋਟਗੁਰੂ ਦੇ ਸਰਪੰਚ ਕੁਲਵਿੰਦਰ ਸਿੰਘ, ਪੰਚ ਬਲਵਿੰਦਰ ਸਿੰਘ ਸਮੇਤ ਸਮੁੱਚੀ ਪੰਚਾਇਤ ਵੱਲੋਂ ਵੀ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੇ ਦਿਹਾਂਤ ’ਤੇ ਅੰਗਰੇਜ਼ ਸਿੰਘ ਵਿੱਕੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਗਈ।
ਪ੍ਰੋਫ਼ੈਸਰ ਜਸਵੰਤ ਕੌਰ ਮਣੀ ਨਮਿਤ ਅੰਤਿਮ ਅਰਦਾਸ ਅਤੇ ਭੋਗ ਪਿੰਡ ਕੋਟਗੁਰੂ (ਬਠਿੰਡਾ) ਵਿਖੇ 21 ਜਨਵਰੀ 2025 (ਮੰਗਲਵਾਰ) ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 1 ਵਜੇ ਵਿਚਕਾਰ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।