Punjab News ਕਿਸਾਨਾਂ ਵੱਲੋਂ ਬੰਦੀ ਬਣਾਏ ਮੁਲਾਜ਼ਮ ਪੁਲੀਸ ਨੇ ਲਾਠੀਚਾਰਜ ਕਰ ਕੇ ਛੁਡਵਾਏ
ਸ਼ਗਨ ਕਟਾਰੀਆ
ਬਠਿੰਡਾ, 20 ਜਨਵਰੀ
ਜਿਉਂਦ ਪਿੰਡ ’ਚ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਪੁੱਜੇ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਕਿਸਾਨ ਯੂਨੀਅਨ ਵੱਲੋਂ ਬੰਦੀ ਬਣਾਏ ਜਾਣ ਬਾਅਦ ਪੁਲੀਸ ਨੇ ਬਲ ਪ੍ਰਯੋਗ ਕਰਕੇ ਯੂਨੀਅਨ ਦੇ ਕਾਰਕੁਨਾਂ ਨੂੰ ਖਦੇੜ ਕੇ ਗ਼੍ਰਿਫ਼ਤ ’ਚ ਲਏ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੁਡਵਾ ਲਿਆ। ਇਸ ਖਿੱਚਧੂਹ ਦੌਰਾਨ ਡੀਐਸਪੀ ਰਾਹੁਲ ਭਾਰਦਵਾਜ ਦੀ ਬਾਂਹ ਟੁੱਟ ਗਈ ਜਦੋਂਕਿ ਇਕ ਕਾਂਸਟੇਬਲ ਵੀ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਾਲੇ ‘ਡਾਂਗਾਂ ਖੜਕੀਆਂ’ ਅਤੇ ‘ਖਿੱਚ-ਧੂਹ’ ਹੋਈ ਪਰ ਕਿਸੇ ਵੀ ਗਰੁੱਪ ਦਾ ਨੁਕਸਾਨ ਨਹੀਂ ਹੋਇਆ। ਘਟਨਾ ਮਗਰੋਂ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਦੇ ਕੰਮ ਨੂੰ ਫਿਲਹਾਲ ਰੋਕ ਦਿੱਤਾ, ਜਦ ਕਿ ਕਿਸਾਨ ਜਥੇਬੰਦੀ ਵੱਲੋਂ 30 ਜਨਵਰੀ ਤੱਕ ਵਿਵਾਦਤ ਜ਼ਮੀਨ ਦੀ ਪਹਿਰੇਦਾਰੀ ਕਰਨ ਲਈ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਜਿਉਂਦ ਦੀ ਮੁਰੱਬੇਬੰਦੀ ਤੋਂ ਸੱਖਣੀ ਕਾਫੀ ਜ਼ਮੀਨ ’ਤੇ ਕੁਝ ਲੋਕਾਂ ਨੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਰਿਹਾ ਸੀ ਕਿ ਸੰਗਠਿਤ ਕਿਸਾਨਾਂ ਨੇ ਆ ਕੇ ਕੰਮ ਵਿੱਚ ਵਿਘਨ ਪਾਇਆ ਅਤੇ ਅਧਿਕਾਰੀਆਂ ਨੂੰ ਜਬਰੀ ਬੰਦੀ ਬਣਾ ਲਿਆ। ਦੂਜੇ ਪਾਸੇ ਲਾਮਬੰਦ ਕਿਸਾਨਾਂ ਦੀ ਦਲੀਲ ਹੈ ਕਿ ਪ੍ਰਸ਼ਾਸਨ ਚਿਰਾਂ ਤੋਂ ਜ਼ਮੀਨ ਦੀ ਸੰਭਾਲ ਕਰ ਰਹੇ ਵਿਅਕਤੀਆਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਨਹੀਂ ਦੇ ਰਿਹਾ। ਮਾਮਲਾ ਵਧਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਅਤੇ ਉਨ੍ਹਾਂ ਦੇ ਹੋਰ ਸਾਥੀ ਮੌਕੇ ’ਤੇ ਪੁੱਜ ਗਏ ਹਨ।