For the best experience, open
https://m.punjabitribuneonline.com
on your mobile browser.
Advertisement

Punjab News: ਲੋਕਾਂ ਨੂੰ ਜੰਗ ਨਹੀਂ, ਅਮਨ ਚਾਹੀਦੈ: ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੰਗ

04:15 PM May 09, 2025 IST
punjab news  ਲੋਕਾਂ ਨੂੰ ਜੰਗ ਨਹੀਂ  ਅਮਨ ਚਾਹੀਦੈ  ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੰਗ
ਸੰਕੇਤਕ ਤਸਵੀਰ
Advertisement

'ਦਾ ਵਾਇਰ' ਉਤੇ ਭਾਰਤ ਵਿਚ ਪਾਬੰਦੀ ਲਾਉਣ ਦੀ ਕੀਤੀ ਨਿੰਦਾ
ਪਾਲ ਸਿੰਘ ਨੌਲੀ
ਜਲੰਧਰ, 9 ਮਈ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਦਾ ਵਾਇਰ' ਉਤੇ ਪਾਬੰਦੀ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਨੂੰ ਜੰਗ ਵਿੱਚ ਧੱਕਿਆ ਜਾ ਰਿਹਾ ਹੈ ਤਾਂ ਅਜਿਹੇ ਹਾਲਾਤ ਵਿੱਚ ਵਾਇਰ ਵਰਗੇ ਪਲੇਟਫਾਰਮ ’ਤੇ ਪਾਬੰਦੀਆਂ ਲਗਾਉਣਾ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹੈ।
ਉਨ੍ਹਾਂ ਕਿਹਾ ਕਿ ਇੱਕ ਬੰਨੇ ਜੰਗ ਦੇ ਸਹਿਮ ਕਾਰਨ ਪੰਜਾਬ ਦੇ ਲੋਕ ਗਹਿਰੇ ਸਦਮੇ ਵਿਚ ਹਨ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕ ਹਿਜਰਤ ਕਰਨ ਲਈ ਮਜਬੂਰ ਹਨ ਅਤੇ ਦੂਜੇ ਬੰਨੇ ਜੰਗ ਦੇ ਬੱਦਲਾਂ ਦੇ ਓਹਲੇ ਬਰਤਾਨੀਆ ਅਤੇ ਅਮਰੀਕਾ ਸਮੇਤ ਸਾਮਰਾਜੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਵਾਸਤੇ ਸਾਡੇ ਮੁਲਕ ਦੇ ਕੁਦਰਤੀ ਅਨਮੋਲ ਸੋਮਿਆਂ, ਵਿਸ਼ੇਸ਼ ਕਰਕੇ ਪੰਜਾਬ ਦੇ ਆਬਾਦਕਾਰਾਂ ਤੇ ਆਮ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਖੋਹਣ ਲਈ ਉਪਰੋ ਥਲੀ ਹੱਲੇ ਬੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਦੋਹਰੀ ਜੰਗ ਦੀ ਮਾਰ ਤੋਂ ਪੀੜਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਹਕੂਮਤ ਵੱਲੋਂ ਸਾਰੇ ਕਾਇਦੇ ਕਾਨੂੰਨ ਸੰਗੀਨਾਂ ਦੀ ਨੋਕ 'ਤੇ ਟੰਗਦਿਆਂ ਜੰਗਲਾਂ ਅਤੇ ਪਹਾੜਾਂ ਅੰਦਰ ਆਦਿਵਾਸੀਆਂ ਅਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਦੇ ਲੋਕਾਂ ਨੂੰ ਥੋਕ ਦੇ ਪੱਧਰ 'ਤੇ ਖ਼ਤਮ ਕੀਤਾ ਜਾ ਰਿਹਾ ਹੈ, ਜੋ ਕਿ ਫੌਰੀ ਬੰਦ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੰਗ, ਲਾਠੀ, ਗੋਲੀ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ, ਸਗੋਂ ਮਸਲਿਆਂ ਵਿੱਚ ਵਾਧਾ ਕਰਨਾ, ਉਨ੍ਹਾਂ ਨੂੰ ਹੋਰ ਉਲ਼ਝਾਉਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੇਲੇ ਪੰਜਾਬ ਵਾਸੀਆਂ ਦੀ ਬਾਂਹ ਫੜਨ ਦੀ ਬਜਾਏ ਅੰਧ ਰਾਸ਼ਟਰਵਾਦ ਦੇ ਗਰਦੋ ਗੁਬਾਰ ਵਿਚ ਅਤੇ 'ਜੰਗ' ਦੀ ਆੜ ਹੇਠ 'ਕਰੋਨਾ' ਦੇ ਦੌਰ ਵਾਂਗ ਲੋਕਾਂ ਨੂੰ ਇਕੱਠੇ ਹੋਣ, ਰੋਸ ਪ੍ਰਗਟਾਵਾ ਕਰਨ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਜਮਹੂਰੀ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ, ਜਿਸਦੀ ਤਾਜ਼ਾ ਮਿਸਾਲ 'ਦਾ ਵਾਇਰ' ਨੂੰ ਭਾਰਤ ਵਿਚ ਬੰਦ ਕਰਨਾ ਹੈ ਜੋ ਬੇਹੱਦ ਨਿੰਦਣਯੋਗ ਵਰਤਾਰਾ ਹੈ। ਜ਼ਿਕਰਯੋਗ ਹੈ ਕਿ ‘ਦਾ ਵਾਇਰ’ ਦੇ ਸੰਪਾਦਕ ਸਿਧਾਰਥ ਰੰਜਨ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਮੁੱਖ ਬੁਲਾਰੇ ਵਜੋਂ ਪ੍ਰਭਾਵਸ਼ਾਲੀ ਸੁਨੇਹਾ ਦੇ ਕੇ ਗਏ ਸਨ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement