Punjab news ਜਬਰ-ਜਨਾਹ ਮਾਮਲੇ ਵਿੱਚ ਲੋੜੀਂਦੇ ਪਾਸਟਰ ਜਸ਼ਨ ਗਿੱਲ ਵੱਲੋਂ ਕੋਰਟ ਵਿੱਚ ਆਤਮ ਸਮਰਪਣ
ਕੇਪੀ ਸਿੰਘ
ਗੁਰਦਾਸਪੁਰ, 9 ਅਪਰੈਲ
ਬਹੁਚਰਚਿਤ ਜਬਰ ਜਨਾਹ ਮਾਮਲੇ ਵਿਚ ਪਾਸਟਰ ਜਸ਼ਨ ਗਿੱਲ ਨੇ ਅੱਜ ਗੁਰਦਾਸਪੁਰ ਦੀ ਇੱਕ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਹੈ। ਕੋਰਟ ਨੇ ਮੁਲਜ਼ਮ ਨੂੰ ਪੰਜ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜੁਲਾਈ 2023 ਵਿਚ ਬੀਸੀਏ ਦੀ ਇੱਕ ਵਿਦਿਆਰਥਣ ਨਾਲ ਪਾਸਟਰ ਵੱਲੋਂ ਕਈ ਵਾਰ ਜਬਰ ਜਨਾਹ ਕੀਤਾ ਗਿਆ ਸੀ ਅਤੇ ਮਗਰੋਂ ਉਸ ਦਾ ਗਰਭਪਾਤ ਵੀ ਕਰਵਾਇਆ। ਇਸ ਦੌਰਾਨ ਇਨਫੈਕਸ਼ਨ ਫੈਲਣ ਨਾਲ ਲੜਕੀ ਦੀ ਮੌਤ ਹੋ ਗਈ ਸੀ। ਦੀਨਾਨਗਰ ਪੁਲੀਸ ਵੱਲੋਂ ਉਦੋਂ ਕੇਸ ਵੀ ਦਰਜ ਕੀਤਾ ਗਿਆ ਸੀ, ਪਰ ਪਾਸਟਰ ਜਸ਼ਨ ਫ਼ਰਾਰ ਹੋ ਗਿਆ ਸੀ। ਹੁਣ ਜਦੋਂ ਮਾਮਲਾ ਮੁੜ ਸੁਰਖੀਆਂ ਵਿਚ ਆਇਆ ਤਾਂ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਟਰ ਦੇ ਭਰਾ ਪ੍ਰੇਮ ਮਸੀਹ ਅਤੇ ਉਸ ਦੀ ਭੈਣ ਮਾਰਥਾ ਗਿੱਲ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਪਾਸਟਰ ਨੂੰ ਪਨਾਹ ਦੇਣ ਦਾ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ ਅੱਜ ਪਾਸਟਰ ਜਸ਼ਨ ਮਸੀਹ ਨੇ ਗੁਰਦਾਸਪੁਰ ਦੀ ਸੀਜੇਐੱਮ ਕੋਰਟ ਵਿੱਚ ਸਮਰਪਣ ਕਰ ਦਿੱਤਾ। ਪੁਲੀਸ ਅਤੇ ਪਾਸਟਰ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਪਾਸਟਰ ਦਾ ਪੰਜ ਦਿਨਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਕੋਰਟ ਵਿੱਚ ਮੌਜੂਦ ਪੀੜਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲੀਸ ਦੀ ਕਾਰਵਾਈ ’ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਕੁਰਸੀ ’ਤੇ ਬਿਠਾਇਆ ਗਿਆ ਸੀ ਅਤੇ ਜਦੋਂ ਉਹ ਵੀਡੀਓ ਬਣਾਉਣ ਲੱਗੇ ਤਾਂ ਉਨ੍ਹਾਂ ਸਾਡਾ ਫ਼ੋਨ ਖੋਹ ਲਿਆ।