Punjab news ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਬੀਐੱਸਐੱਫ ਦੀ ਗੋਲੀ ਨਾਲ ਹਲਾਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਮਾਰਚ
ਇਥੇ ਭਾਰਤ ਪਾਕਿ ਸਰਹੱਦ ’ਤੇ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਪਾਕਿਸਤਾਨੀ ਘੁਸਪੈਠੀਆਂ ਬੀਐੱਸਐੱਫ ਦੀ ਗੋਲੀ ਨਾਲ ਮਾਰਿਆ ਗਿਆ ਹੈ।
ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰ ਵੇਲੇ ਵਾਪਰੀ ਜਦੋਂ ਬੀਐਸਐਫ ਦੇ ਚੌਕਸ ਜਵਾਨਾਂ ਨੇ ਸਰਹੱਦੀ ਜ਼ਿਲ੍ਹੇ ਦੇ ਪਿੰਡ ਕੋਟ ਰਜ਼ਾਦਾ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਦੀਆਂ ਸ਼ੱਕੀ ਸਰਗਰਮੀਆਂ ਦੇਖੀਆਂ। ਇਹ ਵਿਅਕਤੀ ਲੁਕਦਾ ਹੋਇਆ ਕੌਮਾਂਤਰੀ ਸਰਹੱਦ ਨੂੰ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਇਹ ਵਿਅਕਤੀ ਫਸਲਾਂ ਵਿੱਚ ਲੁਕਦਾ ਹੋਇਆ ਸਰਹੱਦੀ ਪਿੰਡ ਵੱਲ ਵੱਧ ਰਿਹਾ ਸੀ।
ਬੀਐੱਸਐੱਫ ਦੇ ਜਵਾਨਾਂ ਨੇ ਇਸ ਨੂੰ ਲਲਕਾਰਿਆ ਪਰ ਇਹ ਵਾਪਸ ਜਾਣ ਦੀ ਥਾਂ ਸਰਹੱਦੀ ਸੁਰੱਖਿਆ ਦੀ ਵਾੜ ਵੱਲ ਭੱਜਣ ਲੱਗਾ। ਡਿਊਟੀ ’ਤੇ ਤਾਇਨਾਤ ਜਵਾਨਾਂ ਨੇ ਇਸ ਨੂੰ ਅਗਾਂਹ ਵਧਣ ਤੋਂ ਰੋਕਣ ਲਈ ਗੋਲੀਬਾਰੀ ਕੀਤੀ, ਜਿਸ ਨਾਲ ਇਹ ਘੁਸਪੈਠੀਆ ਮੌਕੇ ’ਤੇ ਮਾਰਿਆ ਗਿਆ। ਇਸ ਦੀ ਤਲਾਸ਼ੀ ਲੈਣ ’ਤੇ ਇਸ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਮਗਰੋਂ ਬੀਐੱਸਐੱਫ ਨੇ ਲਾਸ਼ ਥਾਣਾ ਰਮਦਾਸ ਪੁਲੀਸ ਨੂੰ ਕਾਨੂੰਨੀ ਕਾਰਵਾਈ ਲਈ ਸੌਂਪ ਦਿੱਤੀ।
ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਸਰਹੱਦ ਪਾਰੋਂ ਘੁਸਪੈਠ ਦਾ ਇਹ ਯਤਨ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਅਸਫਲ ਬਣਾ ਦਿੱਤਾ ਹੈ।