Punjab News ਕਿਸਾਨਾਂ ਦੀਆਂ ਮੰਗਾਂ ਤੇ ਸੁਝਾਵਾਂ ਲਈ ਸਾਡੇ ਦਰ ਹਮੇਸ਼ਾ ਖੁੱਲ੍ਹੇ: ਸੁਪਰੀਮ ਕੋਰਟ
* ਪੰਜਾਬ ਸਰਕਾਰ ਨੂੰ ਫੌਰੀ ਮੈਡੀਕਲ ਸਹਾਇਤਾ ਮੁਹੱਈਆ ਕਰਾਉਣ ਦੇ ਦਿੱਤੇ ਹੁਕਮ
* ਮਾਮਲੇ ’ਤੇ ਅੱਜ ਮੁੜ ਹੋਵੇਗੀ ਸੁਣਵਾਈ
ਨਵੀਂ ਦਿੱਲੀ, 18 ਦਸੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ ਦੇ ਦਰ ਹਮੇਸ਼ਾ ਖੁੱਲ੍ਹੇ ਹਨ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਕਿਹਾ ਕਿ ਕਿਸਾਨ ਸਿੱਧੇ ਜਾਂ ਫਿਰ ਆਪਣੇ ਅਧਿਕਾਰਤ ਨੁਮਾਇੰਦਿਆਂ ਰਾਹੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਦਾ ਵੀ ਨੋਟਿਸ ਲਿਆ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਦੇਰੀ ਦੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਮੁਹੱਂਈਆ ਕਰਾਏ। ਸਿਖਰਲੀ ਅਦਾਲਤ ਵੱਲੋਂ ਇਸ ਮਾਮਲੇ ’ਤੇ ਹੁਣ ਭਲਕੇ 19 ਦਸੰਬਰ ਨੂੰ ਸੁਣਵਾਈ ਕੀਤੀ ਜਾਵੇਗੀ।
ਸਿਖਰਲੀ ਅਦਾਲਤ ਨੇ ਡੱਲੇਵਾਲ ਦੀ ਗੰਭੀਰ ਹਾਲਤ ’ਤੇ ਟਿੱਪਣੀ ਉਸ ਸਮੇਂ ਕੀਤੀ ਜਦੋਂ ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਜਗਜੀਤ ਸਿੰਘ ਡੱਲੇਵਾਲ (ਜੋ ਪਿਛਲੇ 23 ਦਿਨਾਂ ਤੋਂ ਮਰਨ ਵਰਤ ਉਪਰ ਬੈਠੇ ਹਨ) ਅਤੇ ਹੋਰ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ ਪਰ ਉਨ੍ਹਾਂ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਉੱਚ-ਤਾਕਤੀ ਕਮੇਟੀ ਨਾਲ ਗੱਲਬਾਤ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਬੈਂਚ ਨੂੰ ਦੱਸਿਆ ਕਿ ਕਮੇਟੀ ਨੇ ਕਿਸਾਨਾਂ ਨੂੰ 17 ਦਸੰਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੀਟਿੰਗ ਤੋਂ ਇਨਕਾਰ ਕਰ ਦਿੱਤਾ। ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬਾ ਸਰਕਾਰ ਨਿਯਮਤ ਆਧਾਰ ਉੱਤੇ ਕਿਸਾਨਾਂ ਨੂੰ ਗੱਲਬਾਤ ਵਾਸਤੇ ਮਨਾ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸਾਨਾਂ ਦੀਆਂ ਮੰਗਾਂ ਸਿੱਧੇ ਅਦਾਲਤ ’ਚ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਸੁਪਰੀਮ ਕੋਰਟ ਨੇ ਕਿਹਾ, ‘‘ਅਸੀਂ ਸਪੱਸਟ ਕਰ ਦੇਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਜਾਂ ਕਿਸੇ ਵੀ ਸੁਝਾਅ ਲਈ ਕੋਰਟ ਦੇ ਦਰ ਹਮੇਸ਼ਾ ਖੁੱਲ੍ਹੇ ਹਨ। ਕਿਸਾਨ ਸਿੱਧੇ ਜਾਂ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ ਸਾਡੇ ਨਾਲ ਰਾਬਤਾ ਕਰ ਸਕਦੇ ਹਨ।’’ ਬੈਂਚ ਵੱਲੋਂ ਡੱਲੇਵਾਲ ਦੀ ਵਿਗੜਦੀ ਸਿਹਤ ’ਤੇ ਚਿੰਤਾ ਜਤਾਉਣ ’ਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬੇ ਦੇ ਅਧਿਕਾਰੀਆਂ ਅਤੇ ਕੇਂਦਰ ਦੇ ਨੁਮਾਇੰਦੇ ਨੇ ਕਿਸਾਨ ਆਗੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲਿਆ ਸੀ ਪਰ ਉਨ੍ਹਾਂ ਮੈਡੀਕਲ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ-ਸੰਭਾਲ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਦਾ ਸੁਝਾਅ ਦਿੰਦਿਆਂ ਕਿਹਾ, ‘‘ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਣ ’ਚ ਦੇਰੀ ਨਾ ਕਰੋ। ਉਹ ਇਕ ਜਨਤਕ ਹਸਤੀ ਹਨ, ਲੋਕਾਂ ਦੇ ਗ਼ੈਰ-ਸਿਆਸੀ ਆਗੂ ਹਨ। ਉਹ ਕਿਸਾਨਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ। ਇਕ ਚੁਣੀ ਹੋਈ ਸਰਕਾਰ ਅਤੇ ਸੰਵਿਧਾਨਕ ਅੰਗ ਵਜੋਂ ਤੁਸੀਂ ਇਹ ਦੋਸ਼ ਨਹੀਂ ਲੱਗਣ ਦੇਵੋਗੇ ਕਿ ਕੁਝ ਹੋ ਗਿਆ ਹੈ।’’ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਫੌਰੀ ਮੈਡੀਕਲ ਸਹਾਇਤਾ ਦੇਣ ਦੇ ਹੁਕਮ ਦਿੱਤੇ ਸਨ। -ਪੀਟੀਆਈ
ਕਿਸਾਨ ਜਥੇਬੰਦੀਆਂ ਵੱਲੋਂ ਹੁਣ 30 ਨੂੰ ਪੰਜਾਬ ਬੰਦ ਦਾ ਸੱਦਾ
ਸ਼ੰਭੂ ਬਾਰਡਰ (ਖੇਤਰੀ ਪ੍ਰਤੀਨਿਧ):
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸੂਬੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਮਗਰੋਂ ਹੁਣ ਅਗਲੇ ਐਕਸ਼ਨ ਵਜੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਸ਼ੰਭੂ ਬਾਰਡਰ ’ਤੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਨੇਤਾ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਸੁਵਿੰਦਰ ਸਿੰਘ ਚੌਤਾਲਾ, ਅਸ਼ੋਕ ਬੁਲਾਰਾ, ਤੇਜਵੀਰ ਸਿੰਘ ਪੰਜੋਖਰਾ, ਗੁਰ ਅਮਨੀਤ ਸਿੰਘ ਮਾਂਗਟ, ਪਰਮਜੀਤ ਸਿੰਘ ਜੰਗ ਸਿੰਘ ਭਟੇੜੀ ਅਤੇ ਚਮਕੌਰ ਸਿੰਘ ਨੇ ਕਿਹਾ ਕਿ ਹਕੂਮਤ 23 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਏਕਾ ਬਣਾ ਕੇ ਸੰਘਰਸ਼ ਨੂੰ ਹੋਰ ਵਿਆਪਕ ਬਣਾਉਣ। ਉਨ੍ਹਾਂ ਕਿਹਾ ਕਿ ਜੇ ਸ੍ਰੀ ਡੱਲੇਵਾਲ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਖਾਮਿਆਜ਼ਾ ਭੁਗਤਣਾ ਪਵੇਗਾ।
ਸ਼ੰਭੂ ਬਾਰਡਰ ’ਤੇ ਸਲਫਾਸ ਖਾਣ ਵਾਲੇ ਕਿਸਾਨ ਦੀ ਮੌਤ
ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਕਿਸਾਨ ਵਿਰੋਧੀ ਕਾਰਵਾਈਆਂ ਤੋਂ ਤੰਗ ਆ ਕੇ ਪਿਛਲੇ ਦਿਨੀਂ ਸ਼ੰਭੂ ਬਾਰਡਰ ’ਤੇ ਸਲਫਾਸ ਖਾਣ ਵਾਲੇ 57 ਸਾਲਾ ਰਣਜੋਧ ਸਿੰਘ (ਜੋਧਾ ਭੰਗੂ) ਨਾਂ ਦੇ ਕਿਸਾਨ ਦੀ ਚਾਰ ਦਿਨਾਂ ਬਾਅਦ ਅੱਜ ਇੱਥੇ ਮੌਤ ਹੋ ਗਈ। ਉਸ ਨੇ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਅੱਜ ਸਵੇਰੇ 7 ਵਜੇ ਆਖਰੀ ਸਾਹ ਲਿਆ। ਉਹ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਨੇੜਲੇ ਪਿੰਡ ਰਤਨਹੇੜੀ ਦਾ ਵਸਨੀਕ ਸੀ, ਜੋ ਆਪਣੇ ਪਿਛੇ ਪਤਨੀ, ਪੁੱਤਰ ਅਤੇ ਧੀ ਛੱਡ ਗਿਆ ਹੈ। ਪਰਿਵਾਰ ਦੇ ਵਿੱਤੀ ਹਾਲਤ ਬਹੁਤੀ ਵਧੀਆ ਨਹੀਂ ਹੈ। ਰਣਜੋਧ ਸਿੰਘ ‘ਸ਼ੇਰੇ ਪੰਜਾਬ ਕਿਸਾਨ ਯੂਨੀਅਨ’ ਦਾ ਨੁਮਾਇੰਦਾ ਸੀ। ਇਸ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਿੰਦਰ ਸਿੰਘ ਭੰਗੂ (ਚਮਕੌਰ ਸਾਹਿਬ) ਨੇ ਦੱਸਿਆ ਕਿ ਉਹ ਦਸ ਮਹੀਨਿਆਂ ਤੋਂ ਸ਼ੰਭੂ ਬਾਰਡਰ ’ਤੇ ਡਟਿਆ ਹੋਇਆ ਸੀ ਤੇ ਇੱਥੇ ਮੁੱਖ ਤੌਰ ’ਤੇ ਉਹ ਲੰਗਰ ’ਚ ਹੀ ਸੇਵਾ ਕਰਦਾ ਸੀ। ਉਹ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਤੋਂ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇੱਥੇ ਹਸਪਤਾਲ ਪਹੁੰਚੇ ਗੁਰਿੰਦਰ ਸਿੰਘ ਭੰਗੂ ਅਤੇ ਹੋਰਾਂ ਨੇ ਸ਼ਰਤ ਰੱਖੀ ਕਿ ਉਹ ਸਰਕਾਰੀ ਨੀਤੀ ਤਹਿਤ ਪਰਿਵਾਰ ਲਈ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ। ਉਨ੍ਹਾਂ ਦੀ ਸਮਰੱਥ ਅਧਿਕਾਰੀਆਂ ਨਾਲ ਗੱਲ ਹੋਈ ਜਿਨ੍ਹਾਂ ਸਰਕਾਰ ਵੱਲੋਂ ਦੋਵਾਂ ਮੰਗਾਂ ਪ੍ਰਤੀ ਹਾਮੀ ਭਰੀ। ਇਸ ਮਗਰੋਂ ਦੇਰ ਸ਼ਾਮ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਮਗਰੋਂ ਮ੍ਰਿਤਕ ਦੇਹ ਰਾਜਪੁਰਾ ਦੇ ਹਸਪਤਾਲ ਲਿਜਾਈ ਗਈ। ਗੁਰਿੰਦਰ ਭੰਗੂ ਨੇ ਕਿਹਾ ਕਿ ਭਲਕੇ ਉਹ ਰਣਜੋਧ ਸਿੰਘ ਦੀ ਮ੍ਰਿਤਕ ਦੇਹ ਸ਼ੰਭੂ ਬਾਰਡਰ ’ਤੇ ਲਿਜਾਣਗੇ, ਜਿੱਥੇ ਸ਼ਰਧਾਂਜਲੀਆਂ ਭੇਟ ਕਰਨ ਮਗਰੋਂ ਕਾਫਲੇ ਦੇ ਰੂਪ ’ਚ ਲਾਸ਼ ਜੋਧ ਸਿੰਘ ਦੇ ਪਿੰਡ ਰਤਨਹੇੜੀ ਲਿਜਾਈ ਜਾਵੇਗੀ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਲੌਂਗੋਵਾਲ, ਮਨਜੀਤ ਨਿਆਲ, ਮਨਜੀਤ ਰਾਏ, ਬਲਕਾਰ ਬੈਂਸ ਤੇ ਗੁਰਧਿਆਨ ਸਿਓਣਾ ਸਮੇਤ ਕਈ ਹੋਰ ਕਿਸਾਨਾਂ ਨੇ ਰਣਜੋਧ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਕਿਸਾਨਾਂ ਨੇ 50 ਤੋਂ ਵੱਧ ਥਾਵਾਂ ’ਤੇ ਰੇਲ ਮਾਰਗ ਜਾਮ ਕੀਤੇ
* ਤਿੰਨ ਘੰਟਿਆਂ ਤੱਕ ਕੀਤਾ ਪ੍ਰਦਰਸ਼ਨ
* ਸਰਕਾਰ ’ਤੇ ਲਾਇਆ ਕਿਸਾਨੀ ਨੂੰ ਅਣਗੌਲਿਆਂ ਕਰਨ ਦਾ ਦੋਸ਼
ਆਤਿਸ਼ ਗੁਪਤਾ
ਚੰਡੀਗੜ੍ਹ, 18 ਦਸੰਬਰ
ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ 10 ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਪੰਜਾਬ ਵਿੱਚ 50 ਤੋਂ ਵੱਧ ਥਾਵਾਂ ’ਤੇ ਰੇਲ ਮਾਰਗ ਠੱਪ ਕਰਕੇ ਰੋਸ ਮੁਜ਼ਾਹਰੇ ਕੀਤੇ। ਅੱਜ ਦੋਵਾਂ ਜਥੇਬੰਦੀਆਂ ਦੇ ਸੱਦੇ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਦਿੱਤੇ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਤੇ ਖੇਤੀ ਮੰਡੀ ਨਾਲ ਸਬੰਧਤ ਦੁਕਾਨਦਾਰਾਂ ਤੇ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ’ਤੇ ਕਿਸਾਨੀ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਗਾਏ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ।ਅੱਜ ਕਿਸਾਨਾਂ ਨੇ ਮੋਗਾ, ਫਰੀਦਕੋਟ, ਗੁਰਦਾਸਪੁਰ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਮੁਹਾਲੀ, ਸੰਗਰੂਰ, ਮਾਲੇਰਕੋਟਲਾ, ਮਾਨਸਾ, ਰੂਪਨਗਰ, ਅੰਮ੍ਰਿਤਸਰ, ਫਾਜ਼ਿਲਕਾ, ਤਰਨ ਤਾਰਨ, ਨਵਾਂ ਸ਼ਹਿਰ, ਬਠਿੰਡਾ, ਕਪੂਰਥਲਾ ਤੇ ਮੁਕਤਸਰ ਸਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੇਲ ਮਾਰਗਾਂ ’ਤੇ ਧਰਨੇ ਦਿੱਤੇ ਹਨ। ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਦੇਵੀਦਾਸਪੁਰ ਰੇਲਵੇ ਫਾਟਕ ’ਤੇ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ 10 ਮਹੀਨਿਆਂ ਤੋਂ ਦਿੱਲੀ ਕੂਚ ਕਰਨ ਲਈ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਹੁਣ 6, 8 ਤੇ 14 ਦਸੰਬਰ ਨੂੰ 101 ਕਿਸਾਨਾਂ ਨੇ ਜਥੇ ਨੇ ਪੈਦਲ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਕੂਚ ਕੀਤਾ ਤਾਂ ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਹੈ। ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 22 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਉਸ ਦੇ ਬਾਵਜੂਦ ਕੇਂਦਰ ਤੇ ਸੂਬਾ ਸਰਕਾਰ ਕਿਸਾਨੀ ਦੇ ਮੁੱਦੇ ’ਤੇ ਕੁਝ ਬੋਲਣ ਲਈ ਤਿਆਰ ਨਹੀਂ ਹਨ। ਸ੍ਰੀ ਪੰਧੇਰ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਖੇਤੀ ਸਮੇਤ ਸਾਰੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲੱਗੀ ਹੋਈ ਹੈ ਪਰ ਕਿਸਾਨ ਸਰਕਾਰ ਦੀ ਇਹ ਮਨਸ਼ਾ ਪੂਰੀ ਨਹੀਂ ਹੋਣ ਦੇਣਗੇ।
ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇ ਖੇਤੀਬਾੜੀ ਮੰਤਰੀ ਸੰਸਦ ਵਿੱਚ ਖੜ੍ਹ ਕੇ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਮੁੜ ਤੋਂ ਖੇਤੀ ਮਾਰਕੀਟਿੰਗ ਨੀਤੀ ਦਾ ਨਾਮ ਦੇ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਫੂਲ, ਅਸ਼ੋਕ ਬਲਾਰਾ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਗੁਰਅਮਨੀਤ ਸਿੰਘ ਮਾਂਗਟ, ਪਰਮਜੀਤ ਸਿੰਘ, ਜੰਗ ਸਿੰਘ ਭਧੇੜੀ, ਚਮਕੌਰ ਸਿੰਘ ਤੇ ਹੋਰਨਾਂ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕੀਤਾ।