Punjab News: ਨਾਮਜ਼ਦਗੀਆਂ ਦੇ ਆਖਰੀ ਦਿਨ ‘ਆਪ’ ਤੇ ਕਾਂਗਰਸੀ ਹੱਥੋਪਾਈ
ਹਰਦੀਪ ਸਿੰਘ
ਧਰਮਕੋਟ, 12 ਦਸੰਬਰ
ਨਗਰ ਕੌਂਸਲ ਧਰਮਕੋਟ ਦੀਆਂ ਨਾਮਜ਼ਦਗੀਆਂ ਦਾ ਆਖਰੀ ਦਿਨ ਅੱਜ ਹਿੰਸਕ ਉਹ ਨਿਬੜਿਆ ਜਦੋਂ ਕਾਗਜ਼ ਦਾਖਲ ਕਰਨ ਮੌਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ। ਪੁਲੀਸ ਵੱਲੋਂ ਕਾਂਗਰਸ ਪਾਰਟੀ ਨਾਲ ਸਬੰਧਤ ਤਿੰਨ ਉਮੀਦਵਾਰਾਂ ਸਮੇਤ ਪੰਜ ਵਿਅਕਤੀ ਹਿਰਾਸਤ ਵਿੱਚ ਲੈਣ ਦੀ ਸੂਚਨਾ ਹੈ। ਧਰਮਕੋਟ ਦੇ ਥਾਣਾ ਮੁਖੀ ਜਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਹੁੱਲੜਬਾਜ਼ੀ ਕਰਨ ਵਾਲੇ ਕੁਝ ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਉਨ੍ਹਾਂ ਪਾਸੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਥਾਣਾ ਧਰਮਕੋਟ ਰੱਖਿਆ ਗਿਆ ਹੈ। ਉਧਰ ਦੂਸਰੇ ਪਾਸੇ ਹਲਕੇ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਿਆ ਗਿਆ ਅਤੇ ਆਪ ਸਮਰਥਕਾਂ ਨੇ ਉਨ੍ਹਾਂ ਦੇ ਵਰਕਰਾਂ ਦੀ ਪੁਲੀਸ ਦੀ ਮੌਜੂਦਗੀ ਵਿੱਚ ਕੁੱਟਮਾਰ ਵੀ ਕੀਤੀ।
ਧਰਮਕੋਟ ਦੇ ਵਾਰਡ ਨੰਬਰ 12 ਤੋਂ ਪਾਰਟੀ ਉਮੀਦਵਾਰ ਲਵਪ੍ਰੀਤ ਸਿੰਘ, ਵਾਰਡ ਨੰਬਰ 5 ਤੋਂ ਬਿੱਕਰ ਸਿੰਘ ਅਤੇ ਉਸਦੇ ਸਮਰਥਕ ਬੱਬਨ ਸਿੰਘ ਸਮੇਤ ਪਾਰਟੀ ਉਮੀਦਵਾਰ ਪ੍ਰਮਜੀਤ ਕੌਰ ਦੇ ਪਤੀ ਰਣਜੀਤ ਸਿੰਘ ਜੋ ਕਾਂਗਰਸ ਏਟਕ ਪ੍ਰਧਾਨ ਹਨ ਅਤੇ ਉਨ੍ਹਾਂ ਦੇ ਲੜਕੇ ਕੁਲਬੀਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਅਣਪਛਾਤੀ ਜਗ੍ਹਾ ਰੱਖਿਆ ਹੋਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਲੋਹਗੜ੍ਹ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸ ਸਮਰਥਕ ਥਾਣਾ ਧਰਮਕੋਟ ਵਿੱਚ ਮੌਜੂਦ ਹਨ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋਹਨ ਸਿੰਘ ਖੇਲਾ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਦੀ ਸ਼ਹਿ ਉੱਤੇ ਆਪ ਦੇ ਵਰਕਰਾਂ ਨੇ ਅੱਜ ਇਥੇ ਗੁੰਡਾਗਰਦੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਢੋਸ ਇਸ ਸਾਰੇ ਸਮੇਂ ਦੌਰਾਨ ਉੱਥੇ ਹਾਜ਼ਰ ਰਹੇ ਪਰ ਵਿਧਾਇਕ ਢੋਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨਾਮਜ਼ਦਗੀਆਂ ਅਮਨਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ ਹਨ। ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਨੇ ਵੀ ਆਪਣੇ ਕਾਗਜ਼ ਦਾਖਲ ਕਰਵਾਏ ਹਨ।